ਪੰਨਾ:ਉਪਕਾਰ ਦਰਸ਼ਨ.pdf/84

ਇਹ ਸਫ਼ਾ ਪ੍ਰਮਾਣਿਤ ਹੈ

ਚਾਰ ਚਾਰ ਫੋਜਾਂ ਤਾਈ ਮੁਕ ਗਏ ਖਜ਼ਾਨੇ ਸ਼ਾਹੀ,
ਸੋਚਦੇ ਵਿਉਂਤਾਂ ਤੇ ਤਰੀਕੇ ਹਾਰ ਹਾਰ ਕੇ।
ਹੋਇਆ ਨੁਕਸਾਨ ਦਸਮੇਸ਼ ਦਾ ਨਾ ਰਾਈ ਜਿੰਨਾ,
ਮਾਰ ਦਿਤੇ ਖਾਨ ਸਾਰੇ ਪੇਂਡੂ ਈ ਵੰਗਾਰ ਕੇ।

ਪਾਸ ਹੋਇਆ ਬੂਹਾ ਭੰਨ ਕਿਲੇ ਦਾ ਜ਼ਰੂਰ ਦੇਵੋ,
ਫੜ ਲੌ ਤਮਾਮ ਜੀਂਦੇ ਹਲੇ ਮਾਰ ਮਾਰ ਕੇ।
ਮਸ਼ਕ ਸ਼ਰਾਬ ਦੀ ਪਲਾਈ ਖੂੰਨੀ ਹਾਥੀ ਤਾਈਂ,
ਸਤ ਤਵੇ ਬਧੇ ਮਥੇ ਲੋਹੇ ਦੇ ਸਵਾਰ ਕੇ।

ਤੇਗ ਧਾਰ ਖੰਡਾ ਉਹ ਦੀ ਸੁੰਡ ਨਾਲ ਬੰਨ੍ਹ ਦਿਤਾ,
ਤੋਰ ਦਿਤਾ ਸਿਧਾ ਕਿਲੇ ਵਲ ਪੁਚਕਾਰ ਕੇ।
ਹਾਥੀ ਕੋਲੋਂ ਟਕਰ ਲਵਾ ਕੇ ਤੁੜਵਾਵਾਂ ਬੂਹਾ,
'ਕੇਸਰੀ' ਨੇ ਕਿਹਾ ਏਦਾਂ ਦਲਾਂ ਨੂੰ ਵੰਗਾਰ ਕੇ।

ਹਲਾ ਮਾਰ ਪਿਛੋਂ ਜੀਂਦਾ ਸਾਹਿਰਾਂ ਨੂੰ ਫੜ ਲਵੋ,
ਨਿਤ ਦਾ ਸਿਆਪਾ ਮੁਕੇ ਅਜੋ ਈ ਨਤਾਰ ਕੇ।
ਕਿਲੇ ਉਤੇ ਬੈਠੇ ਜਾਨੀ ਜਾਨ ਪਏ ਵੇਖਦੇ ਸੀ,
ਆਖਦੇ ਬਚਿਤਰ ਸਿੰਘ ਬੀਰ ਨੂੰ ਪਿਆਰ ਕੇ।

ਰਾਜਿਆਂ ਦੇ ਹਾਥੀ ਨਾਲ ਹੱਥ ਨੇ ਵਿਖਾਉਣੇ ਅਜ,
'ਮਾਣੂਏਂ' ਲਿਆਏ ਦੇਖੋ ਫੀਲ ਨੂੰ ਸ਼ੰਗਾਰ ਕੇ।
ਨੀਵੇਂ ਹੋਕੇ ਸੂਰਮੇ ਨੇ ਕੰਡ ਤੇ ਲਵਾਈ ਥਾਪੀ,
ਉਠ ਨਠਾ ਜੋਸ਼ ਵਿਚ ਭਾਲੇ ਨੂੰ ਸੰਭਾਰ ਕੇ।

-੮੪-