ਪੰਨਾ:ਉਪਕਾਰ ਦਰਸ਼ਨ.pdf/7

ਇਹ ਸਫ਼ਾ ਪ੍ਰਮਾਣਿਤ ਹੈ

ਪਿਆਰ ਦਾ ਮੰਦਰ

ਐ ਬਾਬਾ ਨਾਨਕ, ਤੂੰ ਜਗ ਦੇ ਅੰਦਰ।
ਤਈਆਰ ਸੀ ਕੀਤਾ, ਆ ਪਿਆਰ ਦਾ ਮੰਦਰ।
ਚੌਤਰਫੀ ਬੂਹੇ, ਉਹਨੂੰ ਚਾਰ ਤੂੰ ਲਾਏ।
ਕਿਰਤੀ ਦੇ ਉਸ ਤੇ, ਨਸ਼ਾਨ ਝੁਲਾਏ।

ਉਹਦੇ ਚਾਰੇ ਬੂਹੇ, ਤੂੰ ਰਖੇ ਖੁਲ੍ਹੇ।
ਜੀ ਅੰਦਰ ਆਉਂਦਾ, ਨਾ ਕੋਈ ਭੁਲੇ।
ਹਿੰਦੂ ਤੇ ਮੁਸਲਿਮ, ਤੇ ਸਿਖ, ਈਸਾਈ।
ਸਭ ਨੂੰ ਕਹਿ ਆਪਣਾ, ਗਲਵਕੜੀ ਪਾਈ।

ਇਕ ਨੂਰ ਤੋਂ ਉਪਜੇ, ਇਕੋ ਜਹੇ ਜਾਣੇ।
ਉਚਾ ਤੇ ਨੀਵਾਂ ਨਾ, ਫਰਕ ਪਛਾਣੇ।
ਇਕ ਪਾਸੇ ਹਲਵੇ, ਭਾਗੋ ਨੇ ਬਣਾਏ।
ਇਕ ਪਾਸੇ ਮਿਸੇ, ਲਾਲੋ ਨੇ ਪਕਾਏ।

ਹਲਵੇ ਵਿਚ ਲਹੂ ਸੀ, ਮਜ਼ਦੂਰ ਦਾ ਪਾਇਆ।
ਮਿਸੇ ਵਿਚ ਕਿਰਤੀ, ਨੇ ਮੁੜ੍ਹਕਾ ਚਵਾਇਆ।
ਪਰ ਕਿਰਤੀ ਲਾਲੋ, ਸੀ ਪ੍ਰੇਮ ਦਾ ਭੁਖਾ।
ਇਸ ਬਖਸ਼ਸ਼ ਕੋਲੋਂ, ਭਾਗੋ ਸੀ ਰੁਖਾ।

-੭-