ਪੰਨਾ:ਉਪਕਾਰ ਦਰਸ਼ਨ.pdf/59

ਇਹ ਸਫ਼ਾ ਪ੍ਰਮਾਣਿਤ ਹੈ

ਸ਼ਹੀਦੀ ਗੁਰੂ ਤੇਗ ਬਹਾਦਰ

ਵਾਰ

ਜਬ ਬੈਠਾ ਦਿਲੀ ਤਖਤ ਤੇ, ਉਰੰਗਾ ਜਰਵਾਣਾ।
ਤਾਂ ਬਣਿਆਂ ਉਹਦੇ ਰਾਜ ਦਾ, ਆਗੂ ਮੁਲਵਾਣਾ।
ਸੀ ਕੀਤਾ ਉਸ ਨੇ ਬਾਪ ਦਾ, ਫੜ ਜੇਹਲ ਟਿਕਾਣਾ।
ਉਹ ਨੇ ਸਾੜਿਆ ਘਤ ਤੰਦੂਰ ਵਿਚ, 'ਸਰਮੱਦ' ਨਿਮਾਣਾ।
ਸੀ ਧਰਮ ਧਰਾ ਤੋਂ ਉਡ ਗਿਆ ਹੋ ਠੀਕ ਨਿਤਾਣਾ
ਸੀ ਭਠ ਸ਼ਰਾ ਦੇ ਭੁੰਨਿਆਂ, ਜਗ ਵਾਂਗਰ ਧਾਣਾ
ਝੋ ਜ਼ੱਬਰ ਦੀ ਚਕੀ ਪੀਹ ਦਿਤਾ, ਉਸ ਹਿੰਦੂ ਦਾਣਾ।
ਸੀ ਖੁਲੀਂ ਬੂਹੀਂ ਫਿਰ ਰਿਹਾ, ਕਾਬਲ ਦਾ ਢਾਣਾ।
ਕੀਤਾ ਹਿੰਦ ਨੂੰ ਖਾਕਸ਼ਾਹ, ਪਾ ਲੁਟ ਪਠਾਣਾਂ।
ਉਹਨੇ ਤਾਣ ਲਿਆ ਇਸਲਾਮ ਦਾ, ਥਾਂ ਥਾਂ ਤੇ ਤਾਣਾ।
ਮਰਹਟਾ,ਗੋਰਖਾ, ਰਾਜਪੂਤ ਕੋਈ ਰਿਹਾ ਨਾ ਰਾਣਾ।
ਜਾ ਦਿਓਤੇ ਲੁਕੇ ਕੰਧਰੀ, ਮੰਨ ਰਬ ਦਾ ਭਾਣਾ।
ਉਸ ਧਰਤੀ ਰੰਗੀ ਲਹੂ ਨਾਲ, ਕਰ ਜੋਰ ਧਿੰਗਾਣਾ।

ਸੀ ਤੇਗ ਬਹਾਦਰ ਗੁਰੂ ਕੋਲ, ਉਦੋਂ ਗੁਰਆਈ।
ਤੇ ਜਣਿਆਂ ਪੁਤਰ ਸੂਰਮਾਂ, ਇਕ ਗੁਜਰੀ ਮਾਈ।

-੫੯-