ਪੰਨਾ:ਉਪਕਾਰ ਦਰਸ਼ਨ.pdf/56

ਇਹ ਸਫ਼ਾ ਪ੍ਰਮਾਣਿਤ ਹੈ

ਮਿਣਦਾ ਕਰਮਾਂ ਦੇ ਗਜ਼ਾਂ ਦੇ ਨਾਲ ਧਰਤੀ,
ਪੁਜਾ ਵਿਚ ਬਕਾਲੇ ਦੇ ਆਇ ਕੇ ਸੇਠ।
ਬਾਈ ਗੁਰੂ ਬੈਠੇ ਅਗੇ ਗਦੀਆਂ ਲਾ,
ਮਥੇ ਟੇਕੇ ਇਹ ਆਸਾਂ ਰਖਾਇ ਕੇ ਸੇਠ।
ਗੁਰੂ ਆਪ ਆਪਣੀ ਭੇਟਾ ਮੰਗ ਲਏਗਾ,
ਦੋ ਦੋ ਧਰੇ ਮੋਹਰਾਂ ਨੀਝਾਂ ਲਾਇ ਕੇ ਸੇਠ।
ਮੰਨਤ ਆਪਣੀ ਜਦੋਂ ਨਾ ਕਿਸੇ ਮੰਗੀ,
ਅੰਤ ਬੈਠ ਗਿਆ ਘਬਰਾਇ ਕੇ ਸੇਠ।

ਜਦੋਂ ਮੁੜਨ ਲਗਾ ਕਿਸੇ ਕਿਹਾ ਏਦਾਂ,
ਗੁਰੂ ਹੋਰ ਇਕ 'ਤੇਗਾ' ਈ ਨਾਮ ਉਸ ਦਾ।
ਪਾਗਲ ਆਖ ਲੋਕੀ ਢੇਮਾਂ ਮਾਰਦੇ ਨੇ,
ਗੁਫ਼ਾ ਵਿਚ ਆਸਨ ਸੁਭਾ ਸ਼ਾਮ ਉਸ ਦਾ।

ਕੁਝ ਦਿਲ ਦੇ ਵਿਚ ਧਰਵਾਸ ਆ ਗਈ,
ਸਦਾ ਲਾਲ ਲੀਰਾਂ ਵਿਚਕਾਰ ਹੁੰਦੇ।
ਰਖ ਦੋ ਮੋਹਰਾਂ ਨਿਮਸ਼ਕਾਰ ਕੀਤੀ,
ਰਹੇ ਦਿਲ ਵਿਚ ਉਵੇਂ ਵਿਚਾਰ ਹੁੰਦੇ।
ਕੰਨੀ ਪਕੜ ਕੇ ਆਖਿਆ ਗੁਰੂ ਜੀ ਨੇ,
ਕਿਉਂ ਜੀ ਕੌਣ ਓ ਤੁਸੀਂ ਸਰਦਾਰ ਹੁੰਦੇ।
'ਸੁਖ ਪੰਜ ਸੌ' ਦੇਂਦੇ ਓ 'ਦੋ ਮੋਹਰਾਂ',
ਕੇਹੜੇ ਦੇਸ ਵਿਚ ਐਸੇ ਵਿਹਾਰ ਹੁੰਦੇ।

-੫੬-