ਪੰਨਾ:ਉਪਕਾਰ ਦਰਸ਼ਨ.pdf/45

ਇਹ ਸਫ਼ਾ ਪ੍ਰਮਾਣਿਤ ਹੈ

ਗਾਉਣ ਦੇਵੀਆਂ ਘੋੜੀਆਂ ਜਿਵੇਂ ਪਰਸੋਂ,
'ਰਾਮ ਨਾਮ ਸਤ' ਉਸ ਤਰਾਂ ਗਾਇਆ ਗਿਆ।
ਪੜ੍ਹ ਕੇ 'ਸੱਦ' ਤੇ ਵੰਡ ਪਰਸ਼ਾਦ ਓਵੇਂ,
'ਮਿਠਾ ਲਗਦਾ ਭਾਣਾ' ਸੁਣਾਇਆ ਗਿਆ।

ਹਥ ਜੋੜ ਕੇ ਆਖਦਾ ਸਿਖ ਭਰਮੀ,
ਤੁਸਾਂ ਭਾਈ ਭਿਖਾਰੀ ਜੀ ਭੁਲ ਕੀਤੀ।
ਘਰ ਲਿਆਇ ਕੇ ਧੀ ਬਗਾਨੜੀ ਦੀ,
ਕਾਹਨੂੰ ਤੁਸਾਂ ਨੇ ਜ਼ਿੰਦਗੀ ਗ਼ੁਲ ਕੀਤੀ।
ਸ਼ਾਦੀ ਗ਼ਮੀ ਸੀ ਦੂੰਹਾਂ ਦੀ ਸੂਝ ਸੁਝੀ,
ਤਿਆਰੀ ਦੂੰਹਾਂ ਦੀ ਤੁਸਾਂ ਸੀ ਕੁਲ ਕੀਤੀ।
ਸੁਪਨੇ ਵਿਚ ਬਠਾਲ ਕੇ ਤਖਤ ਉਤੇ,
ਕਾਹਨੂੰ ਸਧਰਾਂ ਦੀ ਫਟਕੜੀ ਫੁਲ ਕੀਤੀ।

ਸਮਝ ਹੁੰਦਿਆਂ ਸੁੰਦਿਆਂ ਦਿਲ ਅੰਦਰ,
ਅੰਮ੍ਰਿਤ ਜ਼ਹਿਰ 'ਚ ਤੁਸਾਂ ਮਲਾਯਾ ਏ ਕਿਉਂ।
ਬਾਲ ਵਿਧਵਾ ਬਣਾਇ ਕੇ ਨੂੰਹ-ਰਾਣੀ,
ਚਿੰਤਾ ਚਿਖਾ ਤੇ ਉਹਨੂੰ ਚੜ੍ਹਾਇਆ ਏ ਕਿਉਂ।

ਕਿਹਾ ਭਾਈ ਜੀ ਨੇ ਸੁਣੀ ਭਲੇ ਲੋਕਾ,
ਲਿਖੇ ਧੁਰੋਂ ਸੰਜੋਗ ਵਿਯੋਗ ਹੁੰਦੇ।
ਸਥਰ ਯਾਰ ਦੇ ਨੂੰ ਸੇਜਾ ਸਮਝਦੇ ਨੇ,
ਰਾਜੀ ਉਹਦੀ ਰਜ਼ਾ 'ਚ ਲੋਕ ਹੁੰਦੇ।

-੪੫-