ਪੰਨਾ:ਉਪਕਾਰ ਦਰਸ਼ਨ.pdf/44

ਇਹ ਸਫ਼ਾ ਪ੍ਰਮਾਣਿਤ ਹੈ

ਦਿਨ ਦੂਸਰੇ ਪੁਤ ਦੀ ਜੰਞ ਚੜ੍ਹ ਪਈ,
ਗਿਆ ਭਾਈ ਭਿਖਾਰੀ ਪਰਨਾਣ ਖਾਤਰ।
ਭਰਮੀ ਸਿਖ ਨੂੰ ਨਾਲ ਹੀ ਜੰਞ ਖੜਿਆ,
ਜਿਵੇਂ ਹੁਕਮ ਸੀ ਖੇਡ ਵਖਾਨ ਖਾਤਰ।
ਲਾਵਾਂ ਪੜ੍ਹੀਆਂ ਤੇ ਹੋਏ ਸੰਜੋਗ ਪੂਰੇ,
ਬਣਿਆ ਦਾਰੂ ਇਨਸਾਨ ਇਨਸਾਨ ਖਾਤਰ।
ਕੀਤੇ ਸ਼ਗਨ ਪੂਰੇ ਪੀਤੇ ਵਾਰ ਪਾਣੀ,
ਡੋਲੀ ਅੰਮੀ ਨੇ ਅੰਦਰ ਲੰਘਾਨ ਖਾਤਰ।

ਸੁਤੇ ਰਾਤ ਨੂੰ ਛਕ ਪਰਸ਼ਾਦ ਦੋਵੇਂ,
ਹੈਜ਼ਾ ਹੋ ਗਿਆ ਉਸ ਨੀਂਗਰ ਚੰਦ ਤਾਈਂ।
ਲੈ ਗਈ ਮੌਤ ਉਧਾਲ ਕੇ ਦੇਸ ਅਪਨੇ,
ਪਲ ਵਿਚ ਭਾਈ ਭਿਖਾਰੀ ਦੇ ਨੰਦ ਤਾਈਂ।

ਚੜ੍ਹਿਆ ਦਿਨ ਨੁਹਾਲ ਕੇ ਲਾਡਲੇ ਨੂੰ,
ਸੀ ਬਬਾਨ ਦੇ ਉਤੇ ਲਟਾਇਆ ਗਿਆ।
ਗਾਵਣ ਕੰਨਿਆ ਜਿਥੇ ਸੁਹਾਗ ਰਾਤੀਂ,
ਉਥੇ ਮੌਤ ਦਾ ਮਾਰੂ ਵਜਾਇਆ ਗਿਆ।
ਆਬ ਮੁਖ ਦੀ ਜ਼ਰਾ ਨਾ ਪਈ ਫਿਕੀ,
ਹੰਝੂ ਇਕ ਨਾ ਅਖੋਂ ਵਗਾਇਆ ਗਿਆ।
ਪਰਸੋਂ ਚਾਹੜਿਆ ਸੀ ਘੋੜੀ ਬੰਨ੍ਹ ਸੇਹਰਾ,
ਰਖ ਚਿਖਾ ਤੇ ਲੰਬੂ ਅਜ ਲਾਇਆ ਗਿਆ।

-੪੪-