ਪੰਨਾ:ਉਪਕਾਰ ਦਰਸ਼ਨ.pdf/141

ਇਹ ਸਫ਼ਾ ਪ੍ਰਮਾਣਿਤ ਹੈ

ਉਹ ਪਉੜੀ ਸਵਰਗ ਵਾਲੜੀ, ਸੂਲੀ ਨੂੰ ਕਹਿੰਦੇ।
ਜੋ ਚਲਨ ਆਰੇ ਸੀਸ ਤੇ, ਹਸਦੇ ਈ ਰਹਿੰਦੇ।
ਲਟ ਲਟ ਬਲਦੀ ਚਿਖਾ ਵਿਚ, ਲਾ ਚੌਂਕੜ ਬਹਿੰਦੇ।
ਪਏ ਸਿਰ ਤੇ ਡਿਗ ਪਹਾੜ ਜੇ, ਫੁਲ ਕਹਿੰਦੇ ਸਹਿੰਦੇ।
ਨੀਹਾਂ ਅੰਦਰ ਚਿਨੇ ਜਾਣ, ਨਾ ਨਿਕਲਣ ਕੱਚੇ।
ਪਰ ਈਨਾਂ ਕਦੇ ਨਾ ਮੰਨਦੇ, ਸ਼ੇਰਾਂ ਦੇ ਬੱਚੇ।

ਵੈਰੀ ਅਗੇ ਤੋਪ ਦੇ, ਜੇ ਰਖ ਉਡਾਵਨ।
ਗੇਲੀ ਵਾਂਗ ਸਰੀਰ ਦੇ, ਮੋਛੇ ਵੀ ਪਾਵਨ।
ਟੁੰਬੇ ਵਾਂਗੂੰ ਖਲੜੀ, ਟੰਗ ਪੁਠੀ ਲਾਹਵਨ।
ਠੋਕਨ ਕਿੱਲ ਸਰੀਰ ਵਿਚ, ਖੋਪਰ ਉਤਰਾਵਨ।
ਪੋਟਾ ਪੋਟਾ ਕੁਤਰ ਦੇਣ, ਗੁਰ ਚਰਨੀ ਰਚੇ।
ਪਰ ਈਨਾਂ ਕਦੇ ਨਾ ਮੰਨਦੇ, ਸ਼ੇਰਾਂ ਦੇ ਬੱਚੇ।

ਫੇਰ ਜਾਗ ਹੁਣ ਖਾਲਸਾ, ਛਡ ਕੁਲ ਵੀਚਾਰਾਂ।
ਪਏ ਦੂਤੀ ਤੇਰੇ ਵਾਸਤੇ, ਚੰਡਨ ਤਲਵਾਰਾਂ।
ਤੂੰ ਆਪੋ ਵਿਚਲੀਆਂ ਕਢ ਦੇ, ਹੁਣ ਫੁਟਾਂ ਖਾਰਾਂ।
ਅਸਾਂ ਭੇਡਾਂ ਵਾਂਗ ਨਾ ਖਾਣੀਆਂ, ਬਹਿ ਖਹਿ ਕੇ ਮਾਰਾਂ।
ਉਠ ਜਾਗ ਜ਼ਾਲਮ ਤੇ ਜ਼ੁਲਮ ਦੇ, ਲਾਹ ਦੇ ਪੜੱਛੇ।
ਪਰ ਈਨਾਂ ਕਦੇ ਨਾ ਮੰਨਦੇ, ਸ਼ੇਰਾਂ ਦੇ ਬਚੇ

-੧੪੧-