ਪੰਨਾ:ਉਪਕਾਰ ਦਰਸ਼ਨ.pdf/114

ਇਹ ਸਫ਼ਾ ਪ੍ਰਮਾਣਿਤ ਹੈ

ਪੁਤ ਜੀਉਂਦੇ ਸੜਦੇ ਵੇਖ ਕੇ, ਢਾਹ ਸੂਬੇ ਮਾਰੀ।
ਮੈਨੂੰ ਬਖਸ਼ ਖੁਦਾ ਦੇ 'ਬੰਦਿਆ', ਗਲਤੀ ਇਕ ਵਾਰੀ।
ਰੋਹ ਅੰਦਰ ਬੰਦੇ ਲਾਲ ਹੋ, ਧੂਹ ਲਈ ਕਟਾਰੀ।
ਤੈਨੂੰ ਸ਼ਰਮ ਨਹੀਂ ਆਉਂਦੀ ਕੁਤਿਆ, ਕਰਦੇ ਗਿਲਾਜ਼ਾਰੀ।
ਤੂੰ ਬੁਢੀ ਮਾਂ ਮਾਸੂਮ ਮਾਰ, ਖੁਸ਼ ਹੋਇਆ ਭਾਰੀ।
ਹੁਣ ਕਿਉਂ ਤੂੰ ਰੋਂਦਾ ਪਿਟਦਾ, ਅਜ ਆਪਣੀ ਵਾਰੀ।
ਤੂੰ ਸੜਨਾ ਏਸੇ ਅੱਗ ਵਿਚ; ਕਰ ਲੈ ਤਿਆਰੀ।
ਫਲ ਦੇਣਾ ਤੈਨੂੰ ਜ਼ੁਲਮ ਦਾ, ਖਾ ਨੀਚ ਮਕਾਰੀ।

ਕਰ ਲਕੜਾਂ ਕਠੀਆਂ ਸੂਰਿਆਂ, ਇਕ ਮਚ ਜਲਾਇਆ।
ਜਦ ਬਲ ਬਲ ਕੋਲੇ ਹੋ ਗਿਆ, ਤਾਂ ਦੂਨ ਸਵਾਇਆ।
ਬੰਨ੍ਹ ਮੁਸ਼ਕਾਂ ਖਾਨ ਵਜ਼ੀਦ ਨੂੰ, ਉਹਦੇ ਵਿਚ ਵਗਾਇਆ।
ਉਹ ਦੇ ਦੁਹਾਈਆਂ ਪਿੱਟ ਪਿੱਟ, ਮਰ ਗਿਉਂ ਖੁਦਾਇਆ।
ਉਹਦਾ ਕੁਰੰਗ ਅਗ ਨੇ ਇਸ ਤਰ੍ਹਾਂ, ਝਟ ਫੂਕ ਗਵਾਇਆ।
ਕੁਸ਼ਤਾ ਜਿਉਂ ਸੰਨਿਆਸੀਆਂ, ਕੋਈ ਹੋਇ ਬਣਾਇਆ।
ਇਉਂ ਵਾਰੀ ਵਾਰੀ ਸਭ ਨੂੰ, ਫਲ ਗਿਆ ਵਖਾਇਆ।
[1]*ਪਾਪੀ ਮਾਰਨ ਵਾਸਤੇ, ਰਬ ਪਾਪ ਬਣਾਇਆ।
ਟੁਟ ਗਿਆ ਗੜ੍ਹ ਜ਼ੁਲਮ ਦਾ, ਹੋ ਗਿਆ ਸਫਾਇਆ।
ਭਾਂਬੜ ਬਦਲੇ ਵਾਲੜਾ, ਰਜ ਖੂਬ ਬੁਝਾਇਆ।


  1. *ਪਾਪੀਓਂ ਕੇ ਮਾਰਨੇ ਕੋ ਪਾਪ ਮਹਾ ਬਲੀ ਹੈ।

-੧੧੪-