ਪੰਨਾ:ਇਹ ਰੰਗ ਗ਼ਜ਼ਲ ਦਾ.pdf/80

ਇਹ ਸਫ਼ਾ ਪ੍ਰਮਾਣਿਤ ਹੈ

ਚੱਲਦਾ ਨਾ ਜ਼ੋਰ ਹੈ


ਦਿਲ ਦੇ ਅੰਦਰ ਦਿਲ ਦਾ ਵਸਦਾ ਚੋਰ ਹੈ
ਜਿਸ ਤੇ ਮੇਰਾ ਚੱਲਦਾ ਨਾ ਜ਼ੋਰ ਹੈ

ਭਾਵੇਂ ਹਰ ਸੁਹਣਾ ਹੈ ਪਿਆਰਾ ਲੱਗਦਾ
ਪਰ ਮੇਰੇ ਪ੍ਰੀਤਮ ਦੀ ਗੱਲ ਕੁਝ ਹੋਰ ਹੈ

ਹੈ ਸ਼ਰੀਫ਼ਾਂ ਨੂੰ ਸਦਾ ਕਰਦਾ ਜ਼ਲੀਲ
ਇਸ ਜ਼ਮਾਨੇ ਦੀ ਵੀ ਉਲਟੀ ਤੋਰ ਹੈ

ਰੋਕਦਾ ਇਸ ਨੂੰ ਰਿਹਾ ਹਾਂ ਇਸ਼ਕ ਤੋਂ
ਦਿਲ ਬੜਾ ਜ਼ਿੱਦੀ ਬੜਾ ਮੂੰਹ ਜ਼ੋਰ ਹੈ

ਇਹ ਨਹੀਂ ਕਰਦੀ ਕਿਸੇ ਦਾ ਇੰਤਜ਼ਾਰ
ਵੱਕਤ ਦੀ ਐਸੀ ਅਰੁਕਵੀਂ ਤੋਰ ਹੈ

ਪੁਤਲੀਆਂ ਦੇ ਵਾਂਗ ਹਾਂ ਨੱਚਦਾ ਰਿਹਾ
ਹੱਥ ਵਿਚ ਕਿਸਮਤ ਦੇ ਮੇਰੀ ਡੋਰ ਹੈ

ਜਿਸ ਦੇ ਕਾਰਨ ਜੱਗ ਵਿਚ ਰੌਣਕ ਦਿਸੇ
ਇਸ਼ਕ ਦਾ ਰੌਲਾ, ਹੁਸਨ ਦਾ ਸ਼ੋਰ ਹੈ

ਕਿਸ ਲਈ ਸਾਨੂੰ ਹੈ ਦੁਨੀਆਂ ਰੋਲਦੀ
ਕੱਢਦੀ ਕਿਹੜੇ ਜਨਮ ਦਾ ਖੋਰ ਹੈ

ਹੋਰ ਵੀ ਸ਼ਾਇਰ ਗ਼ਜ਼ਲ ਲੈਂਦੇ ਨੇ ਲਿੱਖ
'ਰਤਨ' ਦਾ ਪਰ ਰੰਗ ਯਾਰੋ ਹੋਰ ਹੈ