ਪੰਨਾ:ਇਹ ਰੰਗ ਗ਼ਜ਼ਲ ਦਾ.pdf/66

ਇਹ ਸਫ਼ਾ ਪ੍ਰਮਾਣਿਤ ਹੈ

ਜਗਾਣ ਮੈਨੂੰ

 
ਪੰਡਿਤ ਜੀ ਆ ਰਹੇ ਨੇ, ਅਜ ਕੁਝ ਸਿਖਾਣ ਮੈਨੂੰ
ਜਾਗੇ ਹੋਏ ਨੂੰ ਦੇਖੋ, ਆਏ ਜਗਾਣ ਮੈਨੂੰ

ਮਦਰਾ ਦੇ ਪੀਣ ਨੂੰ ਮੈਂ, ਕਿਦਾਂ ਤਿਆਗ ਦੇਵਾਂ
ਅਜ਼ਲਾਂ ਤੋਂ ਪੈ ਗਈ ਹੈ, ਜਦ ਇਸ ਦੀ ਬਾਂਣ ਮੈਨੂੰ

ਦੁਨੀਆਂ ਦੇ ਭੇਦ ਦਸੋ, ਕਿਦਾਂ ਹਾਂ ਜਾਣ ਸਕਦਾ
ਹੋਈ ਨਹੀਂ ਅਜੇ ਤਾਂ ਅਪਣੀ ਪਛਾਣ ਮੈਨੂੰ

ਪਾਪੀ ਹਾਂ ਮੈਂ ਤਾਂ ਕੀ ਹੈ ਦੰਭੀ ਨਹੀਂ ਹਾਂ ਕੋਈ
ਤਾਹਨੇ ਦੇ ਭਗਤ ਜੀ ਕਿਉਂ ਆਏ ਸਤਾਣ ਮੈਨੂੰ

ਰਹਿਮਤ ਨੇ ਹਰ ਗੁਨਾਹ ਹੈ ਕਰਨਾ ਮੁਆਫ਼ ਆਖ਼ਰ
ਇਹ ਦਿਲ ਦੇ ਵਸਵਸੇ ਹੀ ਆਏ ਡਰਾਣ ਮੈਨੂੰ

ਮਿੱਤਰ ਨੇ ਪਾਸ ਆਏ, ਪਰ ਤਦ ਮਜ਼ਾ ਹੈ ਜੇ ਕਰ
ਉਸ ਦਾ ਕੋਈ ਸੁਨੇਹਾ, ਆਕੇ ਸੁਨਾਣ ਮੈਨੂੰ

ਹੈ ਜ਼ਹਿਰ ਤੋਂ ਵੀ ਕੌੜਾ, ਉਸ ਦੇ ਬਗ਼ੈਰ ਜੀਣਾ
ਅੰਮ੍ਰਿਤ ਨੂੰ ਨਾ ਕਬੂਲਾਂ, ਜੇਕਰ ਪਿਆਣ ਮੈਨੂੰ

ਦੁਨੀਆਂ ਦੇ ਵਿਚ ਆਕੇ ਕਿਹੜਾ ਅਮਰ ਰਿਹਾ ਏ
ਕਿਉਂ ਲੋਕ ਮੌਤ ਤੋਂ ਨੇ, ਲੱਗੇ ਡਗਣ ਮੈਨੂੰ

ਸਿਆਣੇ ਮੁਹੱਬਤਾਂ ਤੋਂ ਮੈਨੂੰ ਵਰਜ ਰਹੇ ਨੇ
ਪੱਟੀ 'ਰਤਨ' ਇਹ ਉਲਟੀ ਆਏ ਪੜ੍ਹਾਣ ਮੈਨੂੰ