ਪੰਨਾ:ਇਹ ਰੰਗ ਗ਼ਜ਼ਲ ਦਾ.pdf/56

ਇਹ ਸਫ਼ਾ ਪ੍ਰਮਾਣਿਤ ਹੈ

ਕਾਲੀ ਘਟਾ ਹੈ ਛਾਈ

ਅਜ ਫਿਰ ਅਕਾਸ਼ ਉਤੇ ਕਾਲੀ ਘਟਾ ਹੈ ਛਾਈ
ਇਹ ਪੀਣ ਦਾ ਸੁਨੇਹਾ, ਮੇਰੇ ਲਈ ਲਿਆਈ

ਕਾਲੀ ਘਟਾ ਨੇ ਦੇਖੇ, ਬਿਜਲੀ ਹੈ ਯੂੰ ਲੁਕਾਈ
ਜਿਉਂ ਇਸ਼ਕ ਦੀ ਚਿੰਗਾਰੀ, ਆਸ਼ਕ ਦੇ ਦਿਲ ਸਮਾਈ

ਧਰਤੀ ਦੇ ਉਤੇ ਬਰਖਾ ਏਦਾਂ ਬਰਸ ਰਹੀ ਹੈ
ਪ੍ਰੇਮੀ ਦੀ ਅੱਖੀਆਂ ਜਿਉਂ ਹੰਝੂ ਝੜੀ ਹੋ ਲਾਈ

ਕਾਲੀ ਘਟਾ ਨੂੰ ਤੱਕ ਕੇ ਮੈਨੂੰ ਯਕੀਨ ਹੋਇਆ
ਤੇਰੇ ਹੀ ਗੇਸੂਆਂ ਦੀ ਰੰਗਤ ਹੈ ਇਸ ਉਡਾਈ

ਬਿਜਲੀ ਚਮਕ ਘਟਾ ਚੋਂ ਏਦਾਂ ਹੈ ਮੂੰਹ ਛੁਪਾਂਦੀ
ਸੁਹਣੇ ਨੇ ਮੂੰਹ ਦਿਖਾਕੇ ਸੂਰਤ ਜਿਵੇਂ ਛੁਪਾਈ

ਕਾਲੀ ਘਟਾ ਨੂੰ ਤੱਕ ਕੇ ਯੂੰ ਮੋਰ ਨੱਚਦਾ ਹੈ
ਵਿਛੜੇ ਪ੍ਰੇਮੀਆਂ ਦੀ ਜਿਉਂ ਆਸ ਬਰ ਹੋ ਆਈ

ਇਕ ਬੂੰਦ ਦਾ ਪਿਆਲਾ ਬੇਚੈਨ ਹੈ ਪਪੀਹਾ
ਜਿਉਂ ਪ੍ਰੇਮ ਰੋਗ ਦੀ ਨਾ, ਲੱਭਦੀ ਕੋਈ ਦਵਾਈ

ਬੱਦਲ ਹੋਏ ਇਕੱਠੇ ਏਦਾਂ ਅਕਾਸ਼ ਉਤੇ
ਗ਼ੰਮ ਦੀ ਹੈ ਫੌਜ ਕਰਦੀ ਆਸ਼ਕ ਤੇ ਜਿਉਂ ਚੜ੍ਹਾਈ

ਸੁਹਣੇ ਦੇ ਚਿਹਰੇ ਉਤੇ ਜਿਉਂ ਕੇਸ ਬਿਖਰ ਜਾਂਦੇ
ਕਾਲੀ ਘਟਾ ਹੈ ਬੈਠੀ ਸੂਰਜ ਨੂੰ ਯੂੰ ਲੁਕਾਈ