ਪੰਨਾ:ਇਹ ਰੰਗ ਗ਼ਜ਼ਲ ਦਾ.pdf/49

ਇਹ ਸਫ਼ਾ ਪ੍ਰਮਾਣਿਤ ਹੈ

ਪਿਆਰਾਂ ਦੀ ਉਹ ਖੁਮਾਰੀ

ਖ਼ਾਕੀ ਹਾਂ ਇਕ ਬੰਦਾ, ਨੂਰੀ ਹਾਂ ਮੈਂ ਨਾ ਨਾਰੀ
ਇਸ਼ਕਾਂ ਦਾ ਮੈਂ ਉਪਾਸਕ, ਹੁਸਨਾਂ ਦਾ ਮੈਂ ਪੁਜਾਰੀ

ਮੈਂ ਅਪਣੀ ਬੇ ਬਸੀ ਨੂੰ, ਮਹਿਸੂਸ ਤਦ ਹਾਂ ਕਰਦਾ
ਨੈਣਾ ਦੀ ਵੱਜਦੀ ਹੈ, ਦਿਲ ਤੇ ਜਦੋਂ ਕਟਾਰੀ

ਕੱਚੇ ਘੜੇ ਨੇ ਦਿੱਤਾ, ਸੁਹਣੀ ਨੂੰ ਇਹ ਸੁਨੇਹਾ
ਮੈਨੂੰ ਨਾ ਹੱਥ ਪਾਵੀਂ, ਜੇ ਜਾਨ ਹੈ ਪਿਆਰੀ

ਕੱਚੇ ਤੇ ਪੱਕਿਆਂ ਦੀ, ਰਹਿੰਦੀ ਪਛਾਣ ਕੀ ਹੈ
ਜਦ ਇਸ਼ਕ ਦੀ ਝਨਾਂ ਵਿਚ, ਲਗਦੀ ਹੈ ਇਕ ਤਾਰੀ

ਜੋਗੀ ਨੂੰ ਦੇਖ ਸਹਿਤੀ ਕਹਿੰਦੀ ਸੀ ਹੀਰ ਨੂੰ ਇਹ
ਦਰਸ਼ਣ ਦੀ ਭਿਖ ਮੰਗੇ, ਦਰ ਦਾ ਤੇਰੇ ਭਿਖਾਰੀ

ਇਨਸਾਨ ਦਾ ਬਣਾਂਦੀ, ਇਨਸਾਨ ਨੂੰ ਹੈ ਵੈਰੀ
ਪਿਆਰਾਂ ਨੂੰ ਚੀਰਦੀ ਹੈ, ਨਫਰਤ ਦੀ ਤੇਜ਼ ਆਰੀ

ਦੁਨੀਆਂ 'ਚ ਆ ਕੇ ਬੰਦਾ, ਕੁਝ ਖੇਡ ਹੈ ਰਚਾਂਦਾ
ਆਖਰ ਹੈ ਕੂਚ ਕਰਦਾ, ਆਂਦੀ ਜਦੋਂ ਹੈ ਵਾਰੀ

ਜੀਵਨ ਦਾ ਭੇਦ ਕੋਈ, ਆਇਆ ਨਾ ਹੱਥ ਇਸਦੇ
ਬੇਚੈਨੀਆਂ 'ਚ ਦੇਖੀ, ਦੁਨੀਆਂ ਭਟਕਦੀ ਸਾਰੀ

ਉਥੇ ਅਕਲ ਦੀ ਕੋਈ, ਦੇਖੀ ਨਾ ਪੇਸ਼ ਜਾਂਦੀ
ਜਿਥੇ ਨੇ ਵਾਰ ਕਰਦੇ ਨੈਣਾ ਦੇ ਬਾਣ ਕਾਰੀ