ਪੰਨਾ:ਇਹ ਰੰਗ ਗ਼ਜ਼ਲ ਦਾ.pdf/46

ਇਹ ਸਫ਼ਾ ਪ੍ਰਮਾਣਿਤ ਹੈ

ਇਸ਼ਕ ਦਾ ਫ਼ਸਾਨਾ

ਭਾਵੇਂ ਬਹੁਤ ਹੈ ਲੰਬਾ ਏਸ ਇਸ਼ਕ ਦਾ ਫ਼ਸਾਨਾ
ਪਰ ਏਸ ਤੋਂ ਅਜੇ ਤੱਕ, ਅਕਿਆ ਨਹੀਂ ਜ਼ਮਾਨਾ

ਉਸ ਵਿਚ ਕੋਈ ਬੁਲੰਦੀ, ਮੈਨੂੰ ਨਹੀਂ ਹੈ ਦਿੱਸਦੀ
ਜੇ ਕਰ ਸਤਾਰਿਆਂ ਤੋਂ ਉੱਚਾ ਨਹੀਂ ਨਿਸ਼ਾਨ।

ਸ਼ੂਮਾਂ ਦਾ ਮਾਲ ਆਖਰ ਜਾਂਦਾ ਹੈ ਸਭ ਅਕਾਰਥ
ਮਿੱਟੀ ਦੇ ਵਿਚ ਮਿਲਿਆ ਕਾਰੂੰ ਦਾ ਸਭ ਖ਼ਜ਼ਾਨਾ

ਜਦ ਮੌਤ ਦਾ ਫਰਿਸ਼ਤਾ ਸਿਰ ਤੇ ਹੈ ਆਣ ਚੜ੍ਹਦਾ
ਉਸ ਦੰਮ ਸਿਆਣਿਆਂ ਨੂੰ ਸੁਝਦਾ ਨਹੀਂ ਬਹਾਨਾ

ਦੌਲਤ ਅਕਲ ਦੀ ਐਦਾਂ ਵੰਡੀ ਗਈ ਹੈ ਇਥੇ
ਮੂਰਖ ਨੂੰ ਇਹ ਸਮਝ ਹੈ ਮੈਂ ਵੀ ਹਾਂ ਇਕ ਦਾਨਾ

ਮੁੜ ਕੇ ਨਾ ਉਸ ਦੀ ਗੁੱਡੀ ਆਕਾਸ਼ ਤੇ ਹੈ ਚੜ੍ਹਦੀ
ਅੱਖਾਂ ਤੋਂ ਹੈ ਗਿਰਾਂਦਾ ਜਿਸ ਨੂੰ ਕਦੇ ਜ਼ਮਾਨਾ

ਦਿਲ ਦੇ ਜ਼ਖਮ ਤੂੰ ਮੇਰੇ ਮੁੜ ਮੁੜ ਉਚੇੜਦਾ ਹੈਂ
ਮੁਤਰਬ ਤੂੰ ਛੇੜਦਾ ਹੈਂ ਕਿਉਂ ਇਸ਼ਕ ਦਾ ਤਰਾਨਾ

ਮਜਨੂੰ ਦੇ ਕਿੱਸਿਆਂ ਨੂੰ ਦੁਨੀਆਂ ਨੇ ਭੁਲ ਜਾਣਾ
ਜਦ ਛੇੜਨਾ 'ਰਤਨ' ਹੈ ਅਪਣਾ ਅਸੀਂ ਫ਼ਸਾਨਾ