ਪੰਨਾ:ਇਹ ਰੰਗ ਗ਼ਜ਼ਲ ਦਾ.pdf/44

ਇਹ ਸਫ਼ਾ ਪ੍ਰਮਾਣਿਤ ਹੈ

ਇਹ ਤਾਰੇ ਨਾ ਹੁੰਦੇ

ਸੁਹਣੇ ਇਹ ਐਨੇ ਪਿਆਰੇ ਨਾ ਹੁੰਦੇ
ਤਾਂ ਆਸ਼ਕ ਮੁਹੱਬਤ ਦੇ ਮਾਰੇ ਨਾ ਹੁੰਦੇ

ਹੁਸਨ ਨੂੰ ਨੁਮਾਇਸ਼ ਦਾ ਜੇ ਚਾ ਨਾ ਹੁੰਦਾ
ਇਹ ਅੰਬਰ ਨਾ ਹੁੰਦਾ, ਇਹ ਤਾਰੇ ਨਾ ਹੁੰਦੇ

ਕਦੇ ਕੈਸ ਵੀ ਖੁਲ੍ਹਾ ਦੀਦਾਰ ਕਰਦਾ
ਜੇ ਲੈਲਾ ਦੇ ਉੱਚੇ ਚੁਬਾਰੇ ਨਾ ਹੁੰਦੇ

ਇਹ ਦੁਨੀਆਂ ਹੀ ਸਾਡੀ ਸੁਰਗ-ਰੂਪ ਹੁੰਦੀ
ਜੇ ਸੁਰਗਾਂ ਦੇ ਇਹ ਝੂਠੇ ਲਾਰੇ ਨਾ ਹੁੰਦੇ

ਇਸ਼ਕ ਸੂਲੀਆਂ ਤੇ ਨਾ ਹੱਸ ਹੱਸ ਕੇ ਚੜ੍ਹਦਾ
ਹੁਸਨ ਦੇ ਜੇ ਕੁਝ ਕੁਝ ਇਸ਼ਾਰੇ ਨਾ ਹੁੰਦੇ

ਖ਼ੁਦਾ ਤੋਂ ਵੀ ਹੋ ਜਾਂਦਾ ਇਨਕਾਰ ਸ਼ਾਇਦ
ਜੇ ਕੁਦਰਤ ਦੇ ਖੁਲ੍ਹੇ ਨਜ਼ਾਰੇ ਨਾ ਹੁੰਦੇ

ਪਤੰਗਾ ਸ਼ਮਾਅ ਤੇ ਨਾ ਯੂੰ ਜਾਨ ਦਿੰਦਾ
ਸਿਦਕ ਦੇ ਜੇ ਦਿਲ ਵਿਚ ਹੁਲਾਰੇ ਨਾ ਹੁੰਦੇ

ਵਸਲ ਦੀ ਵੀ ਜੇ ਕਰ ਕੋਈ ਆਸ ਹੁੰਦੀ
ਤਾਂ ਨਖਰੇ ਹੁਸੀਨਾਂ ਦੇ ਭਾਰੇ ਨਾ ਹੁੰਦੇ

ਤ੍ਰਿਸ਼ਨਾ ਦਾ ਦਰਿਆ ਬਹਾ ਲੈਂਦਾ ਸੱਭ ਨੂੰ
ਜੇ ਸੰਜਮ ਦੇ ਉੱਚੇ ਕਿਨਾਰੇ ਨਾ ਹੁੰਦੇ