ਪੰਨਾ:ਇਹ ਰੰਗ ਗ਼ਜ਼ਲ ਦਾ.pdf/41

ਇਹ ਸਫ਼ਾ ਪ੍ਰਮਾਣਿਤ ਹੈ

ਕਰਦਾ ਤੈਨੂੰ ਯਾਦ ਰਿਹਾ

ਅਕਸਰ ਹਿਜਰਾਂ ਦੀਆਂ ਰਾਤਾਂ ਵਿਚ ਮੈਂ ਕਰਦਾ ਤੈਨੂੰ ਯਾਦ ਰਿਹਾ
ਦੁੱਖਾਂ ਤੇ ਹਨੇਰੇ ਅੰਦਰ ਵੀ ਦਿਲ ਮੇਰਾਂ ਕੁਝ ਤਾਂ ਸ਼ਾਦ ਰਿਹਾ

ਇਤਨਾਂ ਇਹਸਾਨ ਪਿਆਕਾਂ ਦਾ ਸਾਕੀ ਦੇ ਸਿਰ ਵੀ ਬਾਕੀ ਹੈ
ਹੋਏ ਭਾਵੇਂ ਬਰਬਾਦ ਮਗਰ ਮੈਖ਼ਾਨਾ ਤਾਂ ਆਬਾਦ ਰਿਹਾ

ਇਸ ਇਸ਼ਕ ਦੀ ਦੁਨੀਆਂ ਵੱਖਰੀ ਏ, ਇਸਦਾ ਕੁਝ ਨਸ਼ਾ ਨਿਰਾਲਾ ਏ
ਜਿਸ ਨੇ ਇਹ ਸਬਕ ਹੈ ਪੜ੍ਹ ਲੀਤਾ, ਉਸਨੂੰ ਕੁਝ ਹੋਰ ਨਾ ਯਾਦ ਰਿਹਾ

ਮੈਂ ਪੀਣ ਨੂੰ ਚੰਗਾ ਕਹਿੰਦਾ ਨਹੀਂ, ਪਰ ਫੇਰ ਵੀ ਪੀ ਹੀ ਲੈਂਦਾ ਹਾਂ
ਦੋ ਘੜੀਆਂ ਤਾਂ ਵਿਚ ਠੇਕੇ ਦੇ, ਮੈਂ ਫ਼ਿਕਰਾਂ ਤੋਂ ਆਜ਼ਾਦ ਰਿਹਾ

ਜੰਨਤ ਦੀਆਂ ਆਸਾਂ ਤੇ ਜ਼ਾਹਿਦ, ਦੁਨੀਆਂ ਵਿਚ ਪੀਣੋਂ ਸੰਗਦਾ ਹੈਂ
ਜੋ ਇਥੇ ਪੀ ਹੈ ਖੁਸ਼ ਰਹਿੰਦਾ, ਉਹ ਸਭ ਦਾ ਹੀ ਉਸਤਾਦ ਰਿਹਾ

ਤਦਬੀਰ ਨੇ ਰਾਂਝੇ ਨੂੰ ਮੁੜਕੇ, ਗੋ ਹੀਰ ਦੇ ਨਾਲ ਮਿਲਾ ਦਿੱਤਾ
ਪਰ ਕਿਸਮਤ ਦਾ ਹੇਟਾ ਰਾਂਝਾ, ਪਾ ਹੀਰ ਨੂੰ ਵੀ ਬਰਬਾਦ ਰਿਹਾ

ਦੁਨੀਆਂ ਵਿਚ ਭੇਜਕੇ ਫ਼ਿਰ ਮੇਰਾ ਉਸਨੂੰ ਨਾ ਕੁਝ ਭੀ ਫ਼ਿਕਰ ਰਿਹਾ
ਪੁੱਛਿਆ ਨਾ ਮੁੜ ਕੇ ਫੇਰ ਉਸ ਨੇ ਮੈਂ ਸ਼ਾਦ ਰਿਹਾ ਨਾਂਸ਼ਾਦ ਰਿਹਾ