ਪੰਨਾ:ਇਹ ਰੰਗ ਗ਼ਜ਼ਲ ਦਾ.pdf/34

ਇਹ ਸਫ਼ਾ ਪ੍ਰਮਾਣਿਤ ਹੈ

* ਆਓ ਕਦੇ ਕਦੇ *

ਕੁਟੀਆ ਤੇ ਇਸ ਫਕੀਰ ਦੀ ਆਓ ਕਦੇ ਕਦੇ
ਸੁੱਤੇ ਹੋਏ ਨਸੀਬ ਜਗਾਓ ਕਦੇ ਕਦੇ

ਇਕ ਵਾਰ ਚੜ੍ਹਕੇ ਫੇਰ ਨਾ ਲੱਥੇ ਕਦੇ ਖੁਮਾਰ
ਐਸਾ ਵੀ ਕੋਈ ਜਾਮ ਪਿਲਾਓ ਕਦੇ ਕਦੇ

ਘਾਇਲ ਕਰਨ ਦੀ ਦਿਲ ਨੂੰ ਜੇ ਆਦਤ ਹੈ ਬਣ ਗਈ
ਮਰਹੱਮ ਵੀ ਇਸ ਤੇ ਕੋਈ ਲਗਾਓ ਕਦੇ ਕਦੇ

ਤਿਰਛੇ ਜਹੇ ਇਹ ਤੀਰ ਨਾ ਹੁੰਦੇ ਜਿਗਰ ਤੋਂ ਪਾਰ
ਸਿੱਧਾ ਜਿਹਾ ਵੀ ਤੀਰ ਚਲਾਓ ਕਦੇ ਕਦੇ

ਉਜੜੀ ਹੋਈ ਗ਼ਰੀਬ ਦੀ ਦੁਨੀਆਂ ਸਦਾ ਰਹੀ
ਮਿਹਰਾਂ ਦੇ ਨਾਲ ਇਸ ਨੂੰ ਬਸਾਓ ਕਦੇ ਕਦੇ

ਪਰਦੇ ਦੇ ਪਿੱਛੇ ਬੈਠ ਕੀ ਲੁਕ ਲੁਕ ਹੋ ਝਾਕਦੇ
ਪਰਦਾ ਹਟਾਕੇ ਸਾਹਮਣੇ ਆਓ ਕਦੇ ਕਦੇ

ਜੁੱਗਾਂ ਦੇ ਪਿਆਸੇ ਨੈਣ ਤਰਸਦੇ ਨੇਂ ਦਰਸ ਨੂੰ
ਦੀਦਾਰ ਦੇਕੇ ਪਿਆਸ ਬੁਝਾਓ ਕਦੇ ਕਦੇ

ਡੱਕ ਡੋਲੇ ਚਿਰ ਤੋਂ ਪਿਆਰ ਦੀ ਬੇੜੀ ਹੈ ਖਾ ਰਹੀ
ਕੰਢੇ ਵਸਲ ਦੇ ਇਸ ਨੂੰ ਲਗਾਓ ਕਦੇ ਕਦੇ