ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/98

ਇਹ ਸਫ਼ਾ ਪ੍ਰਮਾਣਿਤ ਹੈ

ਦੀ ਲੋਕ ਆਤਮਾ ਨੂੰ ਟੁੰਭਦੀ ਆ ਰਹੀ ਹੈ। ਇਸ ਲੋਕ ਗਾਥਾ ਨੂੰ ਬੱਲੂ ਰਾਮ ਬਾਜ਼ੀਗਰ ਨੇ ਬਾਰ ਦੀ ਲੋਕ ਬੋਲੀ ਅਤੇ ਠੇਠ ਲੋਕ ਮੁਹਾਵਰੇ ਵਿੱਚ ਲੋਕ ਕਾਵਿ ਢੋਲੇ ਦੇ ਰੂਪ ਵਿੱਚ ਵੀ ਰਚਿਆ ਹੈ।

ਜ਼ਿਲ੍ਹਾ ਗੁਜਰਾਤ ਦੇ ਚੱਕ ਅਬਦੁੱਲਾ ਨਾਮੀ ਪਿੰਡ ਵਿੱਚ ਉਸੇ ਪਿੰਡ ਦਾ ਮਾਲਕ ਅਬਦੁੱਲਾ ਰਹਿ ਰਿਹਾ ਸੀ। ਬੰਦਾ ਬੜਾ ਸਖੀ ਸੀ। ਘਰ ਵਿੱਚ ਕਿਸੇ ਚੀਜ਼ ਦੀ ਤੋਟ ਨਹੀਂ ਸੀ, ਜੇ ਤੋਟ ਸੀ ਤਾਂ ਔਲਾਦ ਦੀ। ਉਸ ਬੜੇ ਪੁੰਨ-ਦਾਨ ਕੀਤੇ, ਮੰਨਤਾਂ ਮੰਨੀਆਂ। ਸੱਚੇ ਦਿਲੋਂ ਕੀਤੀ ਉਸ ਦੀ ਦੁਆ ਖੁਦਾ ਦੇ ਦਰ ਕਬੂਲ ਹੋ ਗਈ। ਰਹਿਮਤਾਂ ਵਰ੍ਹ ਪਈਆਂ। ਉਸ ਨੂੰ ਸੱਚੇ ਰਸੂਲ ਦੇ ਦਰੋਂ ਤਿੰਨ ਪੁੱਤਰਾਂ ਦੀ ਦਾਤ ਮਿਲ ਗਈ। ਸੋਹਣਾ ਉਹਦਾ ਸਭ ਤੋਂ ਛੋਟਾ ਅਤੇ ਪਿਆਰਾ ਪੁੱਤਰ ਸੀ।

ਸਮਾਂ ਪਾ ਕੇ ਸੋਹਣਾ ਜਵਾਨ ਹੋ ਗਿਆ। ਉਹਦੇ ਅਲਬੇਲੇ ਸ਼ੌਕ ਸਨ। ਇਕ ਦਿਨ ਉਹ ਸ਼ਿਕਾਰ ਖੇਡਦਾ-ਖੇਡਦਾ ਆਪਣੇ ਖੂਹ 'ਤੇ ਪੁੱਜ ਗਿਆ। ਉਸ ਵੇਖਿਆ ਖੂਹ ਦੇ ਨੇੜੇ ਹੀ ਖੇਤਾਂ ਵਿੱਚ ਬੰਗਾਲੇ-ਜੋਗੀਆਂ ਦਾ ਡੇਰਾ ਉਤਰਿਆ ਹੋਇਆ ਸੀ। ਉਸ ਡੇਰੇ ਦੇ ਨੰਬਰਦਾਰ ਸਮਰ ਨਾਥ ਦੀ ਅਲਬੇਲੀ ਧੀ ਜ਼ੈਨੀ ਆਪਣੀ ਸਹੇਲੀ ਚੰਦਾ ਨਾਲ ਖੂਹੇ ’ਤੋਂ ਪਾਣੀ ਪਈ ਭਰੇਂਦੀ ਸੀ। ਜ਼ੈਨੀ ਦਾ ਰੂਪ ਬਣ-ਬਣ ਪੈ ਰਿਹਾ ਸੀ:

ਸੋਹਣੀ ਸੂਰਤ ਬਦਨ ਦੀ ਪਿਆਰੀ
ਜਿਉਂ ਮੱਖਣ ਦਾ ਪੇੜਾ
ਚਸ਼ਮ ਉਘਾੜ ਤੱਕੇ ਉਹ ਜਿਤ ਵਲ
ਉੜਨੇ ਵਾਲਾ ਕਹਿੜਾ
ਪਲਕਾਂ ਤੀਰ ਲੱਗਣ ਵਿੱਚ ਸੀਨੇ
ਅੱਬਰੂ ਸਖ਼ਤ ਕਮਾਨਾਂ
ਇਕ ਨਜ਼ਰ ਥੀਂ ਘਾਇਲ ਹੋਵਨ
ਲੱਖ ਕਰੋੜਾਂ ਜਾਨਾਂ
ਜ਼ੁਲਫ਼ਾਂ ਰਾਤ ਹਨੇਰੀ ਵਾਂਗੂੰ
ਤੇ ਮੁਖ ਰੋਜ਼ ਉਜਾਲਾ
ਦਿਲ ਤੇ ਰਾਤ ਇਕੱਠੇ ਕੀਤੇ
ਕੁਦਰਤ ਰੱਬ ਤਾਅਲਾ

(ਕਵੀ ਜਲਾਲ)

ਜ਼ੈਨੀ ਦੇ ਹੁਸਨ ਨਾਲ ਸੋਹਣਾ ਕੀਲਿਆ ਗਿਆ :

ਹੁਸਨ ਜ਼ੈਨੀ ਦਾ ਤੇਜ ਸ਼ਮਾਦਾਨ ਤੋਂ
ਨੈਣ ਮਰੇਂਦੇ ਨੇ ਬਿਜਲੀ ਵਾਂਗ ਚਮਕ ਨੂੰ
ਟੁਰੇ ਮੋਰ ਚਕੋਰ ਦੇ ਵਾਂਗ ਜ਼ੈਨੀ
ਛੱਲੇ ਮੁੰਦਰੀਆਂ ਪਏ ਸੋਂਹਦੇ ਨੇ ਹੱਥ ਨੂੰ

82/ ਇਸ਼ਕ ਸਿਰਾਂ ਦੀ ਬਾਜ਼ੀ