ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/94

ਇਹ ਸਫ਼ਾ ਪ੍ਰਮਾਣਿਤ ਹੈ

ਇਸ਼ਕ ਮੁਸ਼ਕ ਕਦੋ ਛੁਪਾਇਆਂ ਛੁਪਦੇ ਨੇ। ਜਲਾਲੀ ਅਤੇ ਰੋਡੇ ਦੇ ਇਸ਼ਕ ਦੀ ਚਰਚਾ ਪਿੰਡ ਵਿੱਚ ਛਿੜ ਪਈ। ਜਲਾਲੀ ਦੇ ਮਾਪਿਆਂ ਦੇ ਕੰਨੀਂ ਵੀ ਉਡਦੀ-ਉਡਦੀ ਭਿਣਕ ਪੈ ਗਈ। ਉਨ੍ਹਾਂ ਨੇ ਉਨ੍ਹਾਂ ਦੇ ਇਸ਼ਕ ਨੂੰ ਪ੍ਰਵਾਨ ਨਾ ਕੀਤਾ। ਉਹ ਤਾਂ ਨਮੋਸ਼ੀ ਦੇ ਮਾਰੇ ਆਪਣੀ ਮੂੰਹ ਲਕੋਈ ਫਿਰਦੇ ਸਨ। ਉਨ੍ਹਾਂ ਨੇ ਜਲਾਲੀ ਨੂੰ ਲੱਖ ਸਮਝਾਇਆ ਪਰੰਤੂ ਉਹ ਪਿਛਾਂਹ ਮੁੜਨ ਵਾਲੀ ਕਿੱਥੇ ਸੀ। ਉਹਦੇ ਲਈ ਤਾਂ ਰੋਡਾ ਹੀ ਸਭ ਕੁਝ ਸੀ। ਆਖ਼ਰ ਉਨ੍ਹਾਂ ਜਲਾਲੀ ਨੂੰ ਡਰਾਇਆ, ਧਮਕਾਇਆ ਅਤੇ ਆਪਣੀ ਨਿਗਰਾਨੀ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ।

ਜਲਾਲੀ ਦਾ ਘਰੋਂ ਬਾਹਰ ਨਿਕਲਣਾ ਬੰਦ ਹੋ ਗਿਆ... ਓਧਰ ਰੋਡਾ ਵੀ ਜਲਾਲੀ ਦਾ ਪਿਆਰਾ ਮੁੱਖੜਾ ਤੱਕਣ ਲਈ ਬੇਕਰਾਰ ਹੋ ਰਿਹਾ ਸੀ। ਆਖ਼ਰ ਉਹਨੇ ਜਲਾਲੀ ਦੇ ਦਰ ਅੱਗੇ ਜਾ ਕੇ ਅਲਖ ਜਗਾਉਣੀ ਸ਼ੁਰੂ ਕਰ ਦਿੱਤੀ। ਉਹ ਉਹਦੇ ਹੱਥੋਂ ਖੈਰਾਤ ਲਏ ਬਿਨਾਂ ਅਗਾਂਹ ਇਕ ਕਦਮ ਵੀ ਨਾ ਪੁੱਟਦਾ। ਗੱਲ ਏਥੋਂ ਤਕ ਅੱਪੜ ਗਈ ਕਿ ਇਕ ਦਿਨ ਉਹਨੂੰ ਜਲਾਲੀ ਦੀ ਮਾਂ ਦੇ ਹੱਥੋਂ ਖੈਰਾਤ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਪਰੰਤੂ ਉਹਦੀ ਮਾਂ ਅੜੀ ਰਹੀ... ਸਾਧਾਂ ਦਾ ਹੱਠ ਵੀ ਮਸ਼ਹੂਰ ਐ... ਰੋਡਾ ਉਨ੍ਹਾਂ ਦੇ ਦਰਾਂ ਅੱਗੇ ਹੀ ਧੂਣਾ ਤਪਾ ਕੇ ਬੈਠ ਗਿਆ ਤੇ ਸਮਾਧੀ ਲਾ ਲਈ। ਲੋਕਾਂ ਲਈ ਤਾਂ ਇਹ ਜਗਤ ਤਮਾਸ਼ਾ ਸੀ ਪਰੰਤੂ ਜਲਾਲੀ ਦੀ ਮਾਂ ਤਾਂ ਨਮੋਸ਼ੀ ਦੀ ਮਾਰੀ ਧਰਤੀ ਵਿੱਚ ਨਿਘਰਦੀ ਜਾ ਰਹੀ ਸੀ। ਉਹਨੇ ਉਸਨੂੰ ਧੂਣਾ ਚੁੱਕਣ ਲਈ ਬਹੁਤੇਰੇ ਵਾਸਤੇ ਪਾਏ। ਜਲਾਲੀ ਨੇ ਵੀ ਉਹਨੂੰ ਬੜਾ ਆਖਿਆ ਪਰੰਤੁ ਰੋਡਾ ਤਾਂ ਉਹਦੇ ਦੀਦਾਰ ਲਈ ਤੜਪ ਰਿਹਾ ਸੀ:

ਕਿੱਥੋਂ ਵੇ ਤੇ ਤੂੰ ਆਇਆ
ਜਾਣਾ ਕਿਹੜੇ ਦੇਸ ਵੇ ਫ਼ਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ

ਪੱਛਮ ਤੋਂ ਨੀ ਮੈਂ ਆਇਆ
ਜਾਣਾ ਦੱਖਣ ਦੇਸ ਨੀ ਲੁਹਾਰੀਏ
ਭਲਾ ਸਾਲੂ ਵਾਲ਼ੀਏ ਨੀ ਗੋਰੀਏ

ਜੇ ਤੂੰ ਭੁੱਖਾ ਰੋਟੀ ਦਾ ਵੇ
ਲੱਡੂਆ ਦਿੰਨੀ ਆਂ ਮੰਗਾ
ਵੇ ਫ਼ਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ

ਨਾ ਮੈਂ ਭੁੱਖਾ ਰੋਟੀ ਦਾ ਨੀ
ਲੈਣਾ ਤੇਰਾ ਦੀਦਾਰ ਨੀ ਲੁਹਾਰੀਏ
ਭਲਾ ਸਾਲੂ ਵਾਲ਼ੀਏ ਨੀ ਗੋਰੀਏ

78/ ਇਸ਼ਕ ਸਿਰਾਂ ਦੀ ਬਾਜ਼ੀ