ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/87

ਇਹ ਸਫ਼ਾ ਪ੍ਰਮਾਣਿਤ ਹੈ

ਲਗਰਾਂ ਵਰਗੀਆਂ ਮੁਟਿਆਰਾਂ ਰਾਵੀ ਦੇ ਪੱਤਣਾਂ ਨੂੰ ਅੱਗ ਲਾਉਂਦੀਆਂ ਹੋਈਆਂ ਲਾਹੌਰ ਜਾ ਵੜੀਆਂ। ਪੇਂਡੂ ਹੁਸਨ ਝਲਕਾਂ ਮਾਰਦਾ ਪਿਆ ਸੀ-ਗੋਦੜੀ ਦੇ ਲਾਲ ਦਗਦ ਪਏ ਕਰਦੇ ਸਨ। ਸਾਰੇ ਦਾ ਸਾਰਾ ਬਾਜ਼ਾਰ ਝੂਮਦਾ ਪਿਆ ਸੀ।

ਬਾਣੀਆਂ ਦੇ ਦਿਲ ਧੂੰਹਦੀ ਇਹ ਟੋਲੀ ਇੰਦਰ ਬਜਾਜ਼ ਦੀ ਹੱਟੀ ਤੇ ਜਾ ਪੁੱਜੀ। ਇੰਦਰ ਨੇ ਬੇਗੋ ਦਾ ਟਹਿਕਦਾ ਮੁਖੜਾ ਤੱਕਿਆ-ਉਹ ਬੇਗੋ ਦਾ ਹੋ ਗਿਆ :

ਦੇਖਿਆ ਸਰੂਪ ਜਦੋਂ ਬੇਗੋ ਨਾਰ ਦਾ
ਭੁੱਲ ਗਿਆ ਸੌਦਾ ਦਿਲ 'ਚ ਵਿਚਾਰਦਾ
ਆਖਦਾ ਇੰਦਰ ਏਸ ਦਾ ਕੀ ਨਾਮ ਨੀ
ਕੀਹਦੇ ਘਰ ਉੱਤਰੀ ਉਤਾਰ ਕਾਮਨੀ
ਨਾਰੀਆਂ ਕਹਿਣ, “ਦੱਸੀਏ ਜੇ ਨਾਮ ਵੇ
ਫੇਰ ਕੀ ਤੂੰ ਸੌਦਾ ਦੌਵੇਂ ਬਿਨਾ ਦਾਮ ਵੇ।"
"ਬੈਠੀ ਜੋ ਵਿਚਾਲੇ ਇਹਦਾ ਦੱਸੋ ਨਾਮ ਨੀ
ਸੌਦਾ ਲੈ ਲੋ ਕੋਈ ਮੰਗਦਾ ਨੀ ਦਾਮ ਨੀ।”
“ਬੇਗੋ" ਇਹਦਾ ਨਾਮ ਸਾਰੀਆਂ ਨੇ ਦੱਸਿਆ
ਸੁਣ ਕੇ ਇੰਦਰ ਖਿੜ-ਖਿੜ ਹੱਸਿਆ
ਕੇਰਾਂ ਆਖ ਦੇਵੇ ਬੇਗੋ ਮੁੱਖੋਂ ਬੋਲ ਕੇ
ਜਿਹੜੀ ਚੀਜ਼ ਮੰਗ ਸੋਈ ਦੇਵਾਂ ਤੋਲ ਕੇ

(ਪੂਰਨ ਰਾਮ)

ਇੰਦਰ ਦੀ ਦੁਕਾਨ ਮੁਟਿਆਰ ਹਾਸਿਆਂ ਨਾਲ ਛਣਕ ਰਹੀ ਸੀ। ਮੁਟਿਆਰਾਂ ਹਸ-ਹਸ ਦੂਹਰੀਆਂ ਹੋ ਰਹੀਆਂ ਸਨ ਪਰੰਤੂ ਬੇਗੋ ਸ਼ਰਮਾਂਦੀ ਪਈ ਸੀ, ਸੁੰਗੜਦੀ ਪਈ ਜਾਂਦੀ ਸੀ।

“ਅੜਿਆ ਆਖ ਦੇ ਖਾਂ ਤੇਰਾ ਕਿਹੜਾ ਮੁਲ ਲਗਦੈ।’’ ਕੇਸਰੀ ਦੀ ਨੀਤ ਟਾਸੇ ਦੇ ਥਾਨ ’ਤੇ ਕਿੱਟੀ ਪਈ ਸੀ। “ਮੇਰੇ ਵਲੋਂ ਤਾਂ ਬਾਨੀਂ ਸਾਰੀ ਦੁਕਾਨ ਲੁਟਾ ਦੇਵੇ, ਮੈਨੂੰ ਕੀ।"

ਬੇਗੋ ਦੇ ਸ਼ਹਿਦ ਜਹੇ ਮਿੱਠੇ ਬੋਲ ਇੰਦਰ ਦੇ ਕੰਨੀਂ ਪਏ ।ਉਹ ਮੁਸਕਰਾਇਆ ਤੇ ਸਾਰੀ ਦੁਕਾਨ ਮੁਟਿਆਰਾਂ ਦੇ ਹਵਾਲੇ ਕਰ ਦਿੱਤੀ। ਉਹ ਬਿਨਾਂ ਦਾਮਾਂ ਤੋਂ ਆਪਣੀ ਮਰਜ਼ੀ ਦਾ ਕਪੜਾ ਲੈ ਰਹੀਆਂ ਸਨ। ਇੰਦਰ ਤਾਂ ਆਪਣੇ ਪਿਆਰੇ ਦੇ ਬੋਲ ਪੁਗਾ ਰਿਹਾ ਸੀ । ਸਾਰਾ ਬਾਜ਼ਾਰ ਏਸ ਜਨੂੰਨੀ ਆਸ਼ਕ ਵਲ ਤੱਕ-ਤੱਕ ਮੁਸਕਰਾਂਦਾ ਪਿਆ ਸੀ, ਟਿੱਚਰਾਂ ਪਿਆ ਕਰਦਾ ਸੀ।

“ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ। ਤੁਸੀਂ ਥਾਨ ਪਰਖਦੇ ਹੋ, ਬेਗੋ ਇਕ ਵਾਰੀ ਆਖੇ ਸਹੀ ਮੈਂ ਇਹਦੇ ਵੇਖਦੇ-ਵੇਖਦੇ ਆਪਣੀ ਦੁਕਾਨ ਫੂਕ ਸਕਦਾ ਹਾਂ ...!" ਨਫ਼ਾਖੋਰ

71/ ਇਸ਼ਕ ਸਿਰਾਂ ਦੀ ਬਾਜ਼ੀ