ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/79

ਇਹ ਸਫ਼ਾ ਪ੍ਰਮਾਣਿਤ ਹੈ

ਕਾਹਨ ਸਿੰਘ ਨੇ ਇਜ਼ਤ ਬਚਾਉਣ ਲਈ ਕਈ ਕੋਸ਼ਸ਼ਾਂ ਕੀਤੀਆਂ। ਕਾਕੇ ਨੇ ਪਰਤਾਪੀ ਨੂੰ ਕਿਧਰੇ ਹੋਰ ਲੁਕੋ ਦਿੱਤਾ:

ਰਾਮ ਰਤਨ ਨੇ ਪੁਲਸ ਚੜ੍ਹਾਈ
ਕਾਕੇ ਨੇ ਗਲ ਤਾੜੀ।
ਆਪਣੇ ਘਰ ਤੋਂ ਕਢ ਪਰਤਾਪੀ
ਘਰ ਹੋਰ ਦੇ ਬਾੜੀ।
ਆਣ ਪੁਲਸ ਨੇ ਫੜਿਆ ਕਾਕਾ
ਮੋਹਰ ਛਾਪ ਦਰ ਚਾਹੜੀ।
ਕੁਲ ਕੋੜਮਾਂ ਰੋਂਦਾ ਬੈਠਾ
ਕਿਸਮਤ ਸਾਡੀ ਮਾੜੀ।
ਥਾਣੇਦਾਰ ਤਲਾਸ਼ੀ ਕਰਦਾ
ਦੁਸ਼ਮਣ ਮਾਰਨ ਤਾੜੀ।
ਰੁਲ਼ਦੀ ਵਿੱਚ ਸੱਥ ਦੇ
ਜ਼ੈਲਦਾਰ ਦੀ ਦਾਹੜੀ।

(ਛੱਜੂ ਸਿੰਘ)

ਚਾਂਦੀ ਦੇ ਛਣਕਦੇ ਰੁਪਿਆਂ ਨਾਲ ਜ਼ੈਲਦਾਰ ਦੀ ਇਜ਼ਤ ਬਚਾ ਲਈ ਗਈ। ਪਰਤਾਪੀ ਬਰਾਮਦ ਨਾ ਹੋ ਸਕੀ। ਰਾਮ ਰਤਨ ਸਬਰ ਦਾ ਘੁੱਟ ਭਰ ਕੇ ਬਹਿ ਗਿਆ।

ਕਾਕਾ ਕਿਰਪਾਲ ਸਿੰਘ ਦੇ ਮਾਪੇ ਆਪਣੀ ਬਹੁਤ ਬੇ-ਇਜ਼ਤੀ ਸਮਝਦੇ ਸਨ, ਉਨ੍ਹਾਂ ਕਿਰਪਾਲ ਸਿੰਘ ਦੇ ਅਮੋੜ ਸੁਭਾਅ ਨੂੰ ਮੁਖ ਰਖਦਿਆਂ ਉਸ ਨੂੰ ਰਿਆਸਤ ਨਾਭਾ ਵਿਖੇ ਹੀਰਾ ਸਿੰਘ ਦੇ ਰਸਾਲੇ ਵਿੱਚ ਭਰਤੀ ਕਰਵਾ ਦਿੱਤਾ। ਕਾਕੇ ਨੇ ਪਰਤਾਪੀ, ਪਰਤਾਪੀ ਦੇ ਨਾਨਕੀਂ ਛੱਡ ਆਂਦੀ। ਪਰਤਾਪੀ ਵਿਛੋੜੇ ਦੀ ਅਗਨੀ ਵਿੱਚ ਸੜਦੀ ਹੋਈ ਨਾਨਕਿਆਂ ਤੋਂ ਲੋਪੋਂ ਆ ਗਈ:

ਕੁੱਠੀ ਰੰਨ ਫਰਾਕ ਦੀ, ਲੋਪੋਂ ਆਣ ਬੜੀ।
ਪਿੰਡ ਨਾਨਕਾ ਛਡਿਆ, ਪੈ ਗਈ ਰੰਨ ਅੜੀ।
ਪੰਧ ਉਡੀਕੇ ਯਾਰ ਦਾ, ਦਿਨ ਤੇ ਰਾਤ ਖੜੀ।
ਘੂਰੇ ਜਾ ਕੇ ਘਰਦਿਆਂ. ਮਾਈ ਨਾਲ ਲੜੀ।
ਛੱਡ ਗਏ ਰਾਜੇ ਵਾਲੀਏ, ਕੀ ਮੈਂ ਕਰਾਂ ਸੜੀ।
ਟੁੱਬਾਂ ਲੈ ਗਏ ਮੇਰੀਆਂ, ਬਿੰਦੀ ਨਥ ਕੜੀ।
ਦਿਨ ਕਟੇ ਮੈਂ ਨਾਨਕੀਂ, ਦੇਵੇ ਰੰਨ ਤੜੀ।
ਛੁਟਦਾ ਨਾ ਪਿੰਡ ਮਾਪਿਆਂ, ਪਾਈ ਸੀਸ ਜੜੀ।
ਜੇ ਮੈਂ ਜਾਂਦੀ ਹੋਰ ਥੈਂ, ਪੁਟਦੇ ਲੋਕ ਥੜੀ।

63/ ਇਸ਼ਕ ਸਿਰਾਂ ਦੀ ਬਾਜ਼ੀ