ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/57

ਇਹ ਸਫ਼ਾ ਪ੍ਰਮਾਣਿਤ ਹੈ

ਪੂਰਨ ਨੇ ਫੁਰਤੀ ਨਾਲ ਰਾਜੇ ਦੀ ਬਾਂਹ ਫੜ ਲਈ ਤੇ ਆਖਿਆ, "ਇਹਨੂੰ ਖਿਮਾ ਕਰ ਦੇਵ... ਤੁਹਾਡਾ ਪੁੱਤ ਜਿਉਂਦਾ ਹੈ... ਮੈਂ ਹੀ ਆਂ ਤੁਹਾਡਾ ਪੁੱਤ ਪੂਰਨ।"

ਵੈਰਾਗ ਦੇ ਹੰਝੂ ਵਹਿ ਟੁਰੇ ... ਇਛਰਾਂ, ਲੂਣਾ ਤੇ ਸਲਵਾਨ ਪੂਰਨ ਨੂੰ ਚੁੰਮਦੇ-ਚੁੰਮਦੇ ਵਿਸਮਾਦੀ ਅਵਸਥਾ ਵਿੱਚ ਪੁੱਜ ਗਏ। ਉਹਨਾਂ ਨੇ ਪੂਰਨ ਨੂੰ ਆਪਣੇ ਮਹਿਲੀ ਚੱਲਣ ਲਈ ਆਖਿਆ... ਪਰੰਤੂ ਪੂਰਨ ਨੇ ਉਹਨਾਂ ਨਾਲ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ... ਉਹ ਤਾਂ ਸਭ ਕੁਝ ਤਿਆਗ ਚੁੱਕਾ ਸੀ।

ਉਹਨੇ ਭਿਖਿਆ ਦੇ ਖੱਪਰ ਵਿੱਚੋਂ ਚੌਲ ਦਾ ਇਕ ਦਾਣਾ ਚੁੱਕ ਕੇ ਲੈਣਾ ਦੀ ਹਥੇਲੀ ਤੇ ਰੱਖ ਕੇ ਆਖਿਆ, “ਮਾਤਾ ਘਰ ਨੂੰ ਮੁੜ ਜਾਵੋ, ਤੁਹਾਡੀ ਕੁੱਖ ਵੀ ਇਸ ਬਾਗ ਵਾਂਗ ਹਰੀ ਹੋਵੇਗੀ... ਤੁਹਾਡੀ ਝੋਲੀ ਵਿੱਚ ਪੁੱਤਰ ਖੇਡੇਗਾ ਜੋ ਇਸ ਰਾਜ ਦਾ ਵਾਰਸ ਬਣੇਗਾ।"

ਪੁੱਤ ਦੀ ਦਾਤ ਦੀ ਬਖ਼ਸ਼ਸ਼ ਕਰਕੇ ਪੂਰਨ ਰੋਕਦਿਆਂ-ਰੋਕਦਿਆਂ ਅਗਾਂਹ ਟੁਰ ਗਿਆ... ਰਾਜਾ ਤੇ ਰਾਣੀਆਂ ਭਰੋ ਨੇਤਰਾਂ ਨਾਲ ਜਾਂਦੇ ਪੁੱਤ ਦੀ ਪਿੱਠ ਵੇਖਦੇ ਰਹੇ ...

ਸਮਾਂ ਪਾ ਕੇ ਲੂਣਾਂ ਦੀ ਕੁੱਖੋਂ ਪੁੱਤਰ ਨੇ ਜਨਮ ਲਿਆ ਜੋ ਰਾਜਾ ਰਸਾਲੂ ਦੇ ਨਾਂ ਨਾਲ ਪ੍ਰਸਿੱਧ ਹੋਇਆ। ਜਿਸ ਦੀ ਬਹਾਦਰੀ ਦੀਆਂ ਅਨੇਕਾਂ ਕਹਾਣੀਆਂ ਪ੍ਰਚਲਤ ਹਨ।

ਪੰਜਾਬੀ ਲੋਕ ਕਾਵਿ ਵਿੱਚ ਪੂਰਨ ਭਗਤ ਬਾਰੇ ਅਨੇਕਾਂ ਲੋਕ-ਗੀਤ ਮਿਲਦੇ ਹਨ। ਉਸ ਦੀ ਭਗਤੀ ਨੂੰ ਲੋਕ ਮਾਣਸ ਨੇ ਸਤਿਕਾਰ ਭਰੀ ਥਾਂ ਦਿੱਤੀ ਹੋਈ ਹੈ:

ਭਗਤੀ ਤੇਰੀ ਪੂਰਨਾ

ਕੱਚੇ ਧਾਗੇ ਦਾ ਸੰਗਲ ਬਣ ਜਾਵੇ

ਪੂਰਨ ਤੇ ਲੂਣਾ ਦਾ ਵਾਰਤਾਲਾਪ ਸੁਆਣੀਆਂ ਬੜੀਆਂ ਲਟਕਾਂ ਨਾਲ ਗਾਉਂਦੀਆਂ ਹਨ।

ਵੇ ਮੈਂ ਬਾਗ਼ ਲਵਾਵਾਂ ਪੂਰਨਾ
ਤੂੰ ਕਲੀਆਂ ਦੇ ਪੱਜ ਆ

ਕਲੀਆਂ ਦੇ ਪੱਜ ਨਾ ਆਵਾਂ
ਨੀ ਤੂੰ ਲਗਦੀ ਧਰਮ ਦੀ ਮਾਂ
ਨੀ ਅਕਲੋਂ ਸਮਝ ਸਿਆਣੀਏਂ

ਨਾ ਤੂੰ ਮੇਰੇ ਜਰਮਿਆਂ
ਵੇ ਨਾ ਮੈਂ ਗੋਦ ਖਲਾਇਆ
ਵੇ ਮੈਂ ਕਿਸ ਵਿਧ ਲਗਦੀ ਮਾਂ ਤੇਰੀ
ਵੇ ਸੋਹਣਿਆਂ ਪੂਰਨਾ ਵੇ

41/ਇਸ਼ਕ ਸਿਰਾਂ ਦੀ ਬਾਜ਼ੀ