ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/53

ਇਹ ਸਫ਼ਾ ਪ੍ਰਮਾਣਿਤ ਹੈ

"ਮਾਤਾ! ਹੋਸ਼ ਕਰ! ਮੈਂ ਇਹ ਰਿਸ਼ਤਾ ਤੇਰੇ ਨਾਲ ਕਿਵੇਂ ਜੋੜ ਲਵਾਂ। ਮੇਰੇ ਬਾਪ ਨੇ ਤੈਨੂੰ ਪਰਨਾ ਕੇ ਲਿਆਂਦੈ! ਤੂੰ ਤਾਂ ਮੇਰੀ ਸਕੀ ਮਾਂ ਦੇ ਸਮਾਨ ਏਂ।"

"ਭਲਾ ਮੈਂ ਤੇਰੀ ਮਾਂ ਕਿਧਰੋਂ ਲਗਦੀ ਆਂ ਜ਼ਾਲਮਾ! ਨਾ ਮੈਂ ਤੈਨੂੰ ਜਨਮ ਦਿੱਤੈ ਨਾ ਹੀ ਆਪਣਾ ਸੀਰ ਚੁੰਘਾਇਐ। ਮੇਰਾ ਪਤੀ ਮੇਰੇ ਬਾਪ ਦੇ ਹਾਣ ਦਾ ਏ... ਸਾਡਾ ਜੋੜ ਨੀ ਜੁੜਦਾ... ਮੇਰਾ ਜੌੜ ਤਾਂ ਤੇਰੇ ਨਾਲ ਜੁੜਦੈ। ਪੂਰਨਾ! ਆਪਣੀ ਜੁਆਨੀ ਦਾ ਮਾਣ ਰੱਖ। ਮੈਂ ਸਾਰੀ ਜ਼ਿੰਦਗੀ ਤੇਰਾ ਹਸਾਨ ਨਹੀਂ ਭੁੱਲਾਂਗੀ ਤੇ ਤੇਰੀ ਗੋਲੀ ਬਣ ਕੇ ਰਹਾਂਗੀ।”

"ਮਾਂ ਮੈਨੂੰ ਅਜਿਹੀਆਂ ਕੱਲਾਂ ਨਾਲ਼ ਭੁਚਲਾ ਨਾ ਸਮਾਜਕ ਰਿਸ਼ਤੇ ਤੇ ਨੈਤਕ ਕਦਰਾਂ ਕੀਮਤਾਂ ਦਾ ਘਾਣ ਸਾਡੇ ਸਮਾਜ ਨੂੰ ਕਿਧਰ ਲੈ ਤੁਰੇਗਾ। ਮੈਂ ਤੁਹਾਡਾ ਪੁੱਤਰ ਆਂ। ਧਰਤ ਅਸਮਾਨ ਫਟ ਨੀ ਜਾਣਗੇ-ਪੁੱਤਰ ਮਾਂ ਦਾ ਰੂਪ ਹੰਢਾਵੇ....।"

“ਮੇਰੀ ਰੂਹ ਦੇ ਹਾਣੀਆਂ..... ਸਮਾਜ ਨੇ ਭਲਾ ਮੈਨੂੰ ਕੀ ਦਿੱਤੈ? ਕੱਚੀ ਕੈਲ ਨੂੰ ਅਧਖੜ ਬੁਢੜੇ ਦੇ ਲੜ ਲਾ ਕੇ ਮੇਰੀ ਜਵਾਨੀ ਰੋਲ਼ ਦਿੱਤੀ ਐ..... ਮੋਤੀ, ਹੀਰੇ, ਪੰਨੇ ਮੇਰੇ ਲਈ ਕਾਣੀ ਕੌਡੀ ਦੇ ਸਮਾਨ ਨੇ..... ਤੂੰ ਮੇਰੀ ਬਾਂਹ ਫੜਕੇ ਪਾਰ ਲੰਘਾ ਦੇ ਸਹੁਣਿਆਂ....।"

ਲੂਣਾਂ ਪੂਰਨ ਅੱਗੇ ਵਿੱਛ-ਵਿੱਛ ਜਾ ਰਹੀ ਸੀ। ਪਰੰਤੂ ਪੂਰਨ ਉੱਤੇ ਉਹਦੀ ਭਖਦੀ ਜੁਆਨੀ ਅਤੇ ਤਰਲਿਆਂ ਦਾ ਕੋਈ ਅਸਰ ਨਹੀਂ ਸੀ ਹੋ ਰਿਹਾ। ਉਹ ਅਡੋਲ ਖਲੋਤਾ ਆਪਣੇ ਧਰਮ ’ਤੇ ਪਹਿਰਾ ਦਿੰਦਾ, ਸੋਚਾਂ 'ਚ ਡੁੱਬਿਆ ਸੋਚ ਰਿਹਾ ਸੀ, ਮਤੇ ਉਸ ਪਾਸੋਂ ਕੋਈ ਅਵੱਗਿਆ ਹੋ ਜਾਵੇ। ਆਖ਼ਰ ਉਸ ਨੇ ਆਪਣੇ ਮਨ ਨਾਲ ਨਿਰਣਾ ਲਿਆ ਤੇ ਲੂਣਾਂ ਤੋਂ ਅੱਖ ਬਚਾ ਕੇ ਫ਼ੁਰਤੀ ਨਾਲ ਉਹਦੇ ਮਹਿਲਾਂ ਤੋਂ ਬਾਹਰ ਨਿਕਲ਼ ਆਇਆ।

ਲੂਣਾਂ ਨੂੰ ਰੋਸ ਸੀ ਪੂਰਨ ਨੇ ਉਹਦੀ ਕਾਮਨਾ ਪੂਰੀ ਨਹੀਂ ਸੀ ਕੀਤੀ ਤੇ ਉਹ ਹੁਣ ਉਸ ਪਾਸੋਂ ਆਪਣੀ ਹੇਠੀ ਦਾ ਬਦਲਾ ਲੈਣ ਲਈ ਨਾਗ਼ਣ ਦਾ ਰੂਪ ਧਾਰੀ ਬੈਠੀ ਸੀ।

ਹਨ੍ਹੇਰਾ ਪਸਰ ਰਿਹਾ ਸੀ ਜਦੋਂ ਰਾਜਾ ਸਲਵਾਨ ਆਪਣੇ ਰਾਜ ਦਰਬਾਰ ਦੇ ਕੰਮਾਂ ਕਾਜਾਂ ਤੋਂ ਵਿਹਲਾ ਹੋ ਕੇ ਆਪਣੀ ਰਾਣੀ ਲੂਣਾਂ ਦੇ ਮਹਿਲਾਂ ’ਚ ਪੁੱਜਾ। ਉਸ ਹੈਰਾਨ ਹੋ ਕੇ ਵੇਖਿਆ ਕਿਧਰੇ ਵੀ ਦੀਵਾ ਬੱਤੀ ਨਹੀਂ। ਸਾਰੇ ਸ਼ਮ੍ਹਾਦਾਨ ਗੁੱਲ ਹੋਏ ਪਏ ਸਨ ਤੇ ਰਾਣੀ ਨਿੱਤ ਵਾਂਗ ਉਹਦੇ ਸਵਾਗਤ ਲਈ ਮਹਿਲ ਦੀਆਂ ਬਰੂਹਾਂ 'ਤੇ ਆਪ ਨਹੀਂ ਸੀ ਆਈ.... ਉਹ ਰਾਣੀ ਦੇ ਕਮਰੇ ਵੱਲ ਅਹੁਲਿਆ... ਉਸ ਵੇਖਿਆ ਉਹ ਤਾਂ ਖਣਪੱਟੀ ਲਈ ਪਈ ਐ ਤੇ ਉਸ ਦਾ ਹਾਰ-ਸ਼ਿੰਗਾਰ ਏਧਰ-ਓਧਰ ਖਿੰਡਿਆ ਪਿਐ ...।

"ਮੇਰੀਏ ਲਾਡੋ ਰਾਣੀਏਂ ਦਸ ਖਾਂ ਮੇਰੇ ਪਾਸੋਂ ਕਿਹੜੀ ਖੁਨਾਮੀ ਹੋ ਗਈ ਐ ਜਿਸ ਬਦਲੇ ਸੋਹਣਿਆਂ ਨੇ ਮੂੰਹ ਸਜਾਏ ਹੋਏ ਨੇ..." ਆਖਦਿਆਂ ਸਲਵਾਨ ਨੇ ਲੂਣਾਂ ਨੂੰ ਬਿਠਾ ਲਿਆ। ਉਹਨੇ ਵੇਖਿਆ ਉਹਦੀਆਂ ਅੱਖਾਂ ਵਿੱਚੋਂ ਤ੍ਰਿਪ-ਤ੍ਰਿਪ ਹੰਝੂ ਵਹਿ ਰਹੇ ਸਨ। ਉਹਨੇ ਉਹਦੀ ਪਿੱਠ ’ਤੇ ਪਿਆਰ ਭਰਿਆ ਹੱਥ ਫੇਰਿਆ ਤੇ ਉਹ ਸਹਿਜ ਅਵਸਥਾ 'ਚ ਆ ਗਈ ਤੇ ਹਟਕੋਰੇ ਭਰਦਿਆਂ ਰਾਜੇ ਨੂੰ ਮੁਖ਼ਾਤਿਬ ਹੋਈ, "ਰਾਜਨ! ਛੋਟਾ ਮੂੰਹ ਪਰ ਗੱਲ ਬਹੁਤ ਵੱਡੀ ਐ, ਸ਼ਾਇਦ ਤੁਹਾਡੇ ਮਨ ਨਾ ਲੱਗੇ... ਮੈਂ ਤਾਂ ਸੋਚ ਵੀ ਨਹੀਂ ਸੀ

37/ਇਸ਼ਕ ਸਿਰਾਂ ਦੀ ਬਾਜ਼ੀ