ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/39

ਇਹ ਸਫ਼ਾ ਪ੍ਰਮਾਣਿਤ ਹੈ

ਨਾਲ ਲਾਦੀਆਂ ਦੇ
ਅੰਦਰ ਬੜ ਜਾ ਧੀਏ
ਗੱਲਾਂ ਕਰਲੈ ਧੀਏ
ਅਸੀਂ ਪੱਟ ਦਿੱਤੇ
ਇਨ੍ਹਾਂ ਲਾਦੀਆਂ ਨੇ
ਬੇਲਾ ਢੂੰਡ ਫਿਰੀ
ਅੱਖਾਂ ਲਾਲ ਹੋਈਆਂ
ਪੰਘੂੜਾ ਭੰਨ ਸੁੱਟਿਆ
ਲਾਲ ਬਾਰੀਆਂ ਦਾ।

ਗੋਰੀ ਕਲਾਲਾਂ ਨੂੰ ਦੁਰਾ ਸੀਸਾਂ ਦੇਂਦੀ ਹੈ ਜਿਨ੍ਹਾਂ ਨੇ ਉਸ ਦੇ ਪੁੰਨੂੰ ਨੂੰ ਸ਼ਰਾਬੀ ਕਰਕੇ ਉਸ ਨਾਲੋਂ ਵਿਛੋੜ ਲਿਆ:

ਮਰਨ ਕਲਾਲ ਜਗ ਹੋਵਣ ਥੋੜ੍ਹੇ
ਮੇਰਾ ਪੁੰਨੂੰ ਸ਼ਰਾਬੀ ਕੀਤਾ
ਸ਼ਹਿਰ ਭੰਬੋਰ ਦੀਆਂ ਭੀੜੀਆਂ ਗਲੀਆਂ
ਪੁੰਨੂੰ ਲੰਘ ਗਿਆ ਚੁੱਪ ਕੀਤਾ
ਇਕ ਅਫ਼ਸੋਸ ਰਹਿ ਗਿਆ ਦਿਲ ਮੇਰੇ
ਹੱਥੀਂ ਯਾਰ ਵਿਦਾ ਨਾ ਕੀਤਾ

ਉਹ ਉੂੂੱਠ ਨੂੰ ਵੀ ਕੋਸਦੀ ਹੈ ਜਿਸ ਤੇ ਪੁੰਨੂੰ ਨੂੰ ਉਸ ਦੇ ਭਰਾ ਲਦ ਕੇ ਲੈ ਖੜੇ ਸਨ:

ਵੇ ਤੂੰ ਮਰ ਜਾਏਂ ਊਂਠਾ ਅੜਿਆ
ਵੇ ਤੂੰ ਯਾਰ ਮੇਰਾ ਚੁਕ ਖੜਿਆ
ਬੇ-ਦਰਦਾਂ ਨੂੰ ਤਰਸ ਨਾ ਆਇਆ
ਪੁੰਨੂੰ ਵਸ ਬਲੋਚਾਂ ਪਾਇਆ
ਤੇ ਨਾਲ ਰੱਸੀ ਦੇ ਕੜਿਆ
ਇਸ਼ਕ ਨਾ ਦਲਣ ਦਏ ਚਲਾਕੀ
ਏਸ ਫਸਾਨਿਆ ਨੂਰੀ ਖਾਕੀ,
ਵਿੱਚ ਜੋ ਇਸਦੇ ਵੜਿਆ।

ਰਾਤ ਸਮੇਂ ਸ਼ਰਾਬ ਦੇ ਨਸ਼ੇ ਵਿੱਚ ਬੇਹੋਸ਼ ਕਰਕੇ ਜਦ ਪੁੰਨੂੰ ਦੇ ਭਰਾ ਪੁੰਨੂੰ ਨੂੰ ਡਾਚੀ ਉੱਤੇ ਲਦਕੇ ਆਪਣੇ ਦੇਸ਼ ਨੂੰ ਲੈ ਤੁਰਦੇ ਹਨ ਤਦ ਸਵੇਰੇ ਸੱਸੀ ਨੂੰ ਇਸ ਸਾਜ਼ਸ਼ ਦਾ ਪਤਾ ਲਗਦਾ ਹੈ। ਉਹ ਪੁੰਨੂੰ-ਪੁੰਨੂੰ ਕੂਕਦੀ ਢਾਚੀ ਦਾ ਖੁਰਾ ਫੜਕੇ ਮਗਰੇ ਨੱਸ ਟੁਰਦੀ ਹੈ। ਸੱਸੀ ਦੀ ਉਸ ਸਮੇਂ ਦੀ ਬਿਰਹਾ ਦਸ਼ਾ ਨੂੰ ਪੰਜਾਬ ਦੀ ਗੋਰੀ ਇਸ ਤਰ੍ਹਾਂ ਬਿਆਨ ਕਰਦੀ ਹੈ:

ਸੱਸੀ ਤੇਰੇ ਬਾਗ਼ ਵਿੱਚ ਉਤਰੇ ਲੁਟੇਰੇ
ਬਲੋਚਾ ਜ਼ਾਲਮਾ ਸੁਣ ਵੈਣ ਮੇਰੇ
ਤੱਤੀ ਸੀ ਰੇਤ ਸੜ ਗਏ ਪੈਰ ਮੇਰੇ

23/ ਇਸ਼ਕ ਸਿਰਾਂ ਦੀ ਬਾਜ਼ੀ