ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/21

ਇਹ ਸਫ਼ਾ ਪ੍ਰਮਾਣਿਤ ਹੈ

ਰੂਪ ਦੀ ਛਹਿਬਰ ਲਾਈਂ
ਕੁੜੀਆਂ ਨੂੰ ਸੱਦ ਕੇ ਗਿੱਧਾ ਪੁਆਈਂ
ਸੁੱਤੀਆਂ ਕਲਾਂ ਜਗਾਈਂ
ਸ਼ੌਕ ਨਾਲ ਨੱਚਕੇ ਨੀ-
ਦਿਲ ਦੀਆਂ ਖੋਹਲ ਸੁਣਾਈਂ
ਗੋਰੀ ਆਪਣੇ ਰਾਂਝੇ ਲਈ ਹਾਰ ਸ਼ਿੰਗਾਰ ਲਗਾ ਕੇ ਗਿੱਧੇ ਦੇ ਪਿੜ ਵਿੱਚ ਧੁੰਮਾਂ ਪਾ ਦੇਂਦੀ ਹੈ:
ਹੀਰ ਨੇ ਸੱਦੀਆਂ ਸੱਭੇ ਸਹੇਲੀਆਂ
ਸਭ ਦੀਆਂ ਨਵੀਆਂ ਪੁਸ਼ਾਕਾਂ
ਗਹਿਣੇ ਗੱਟੇ ਸਭ ਦੇ ਸੋਂਹਦੇ
ਮੈਂ ਹੀਰ ਗੋਰੀ ਵਲ ਝਾਕਾਂ
ਕੰਨੀ ਹੀਰ ਦੇ ਸਜਣ ਕੋਕਰੂ
ਪੈਰਾਂ ਦੇ ਵਿੱਚ ਬਾਂਕਾਂ
ਗਿੱਧੇ ਦੀਏ ਪਰੀਏ ਨੀ-
ਤੇਰੇ ਰੂਪ ਨੇ ਪਾਈਆਂ ਧਾਕਾਂ
ਰਾਂਝਾ ਆਪਣੇ ਦਿਲ ਦੀ ਟੁਕੜੀ ਹੀਰੇ ਸਲੇਟੀ ਦੀ ਸਿਫਤ ਕਰਦਾ ਨਹੀਂ ਥੱਕਦਾ:
ਆਖੇਂ ਗੱਲ ਤਾਂ ਹੀਰੇ ਕਹਿਕੇ ਸੁਣਾ ਦਿਆਂ ਨੀ
ਦੇਕੇ ਨੱਢੀਏ ਤੈਨੂੰ ਸੋਹਣੇ ਨੀ ਹਵਾਲੇ
ਇੰਦਰ ਖਾੜੇ ਦੇ ਵਿੱਚ ਪਰੀਆਂ ਸਭ ਤੋਂ ਚੰਗੀਆਂ ਨੀ
ਗਾਵਣ ਜਿਹੜੀਆਂ ਮਿੱਠੇ ਰਾਗ ਜੋ ਸੁਰਤਾਲੇ
ਮੋਹ ਲਿਆ ਮੈਨੂੰ ਪਰੀਏ ਤੇਰਿਆਂ ਨੀ ਨੈਣਾਂ ਨੇ
ਮੈਂ ਕੀ ਜਾਣਾਂ ਇਹਨਾਂ ਅੱਖੀਆਂ ਦੇ ਚਾਲੇ
ਜਾਲ ਫੈਲਾਇਆ ਹੀਰੇ ਤੇਰੀਆਂ ਅੱਖੀਆਂ ਨੇ
ਉਡਦੇ ਜਾਂਦੇ ਪੰਛੀ ਜਿਨ੍ਹਾਂ ਨੇ ਫਸਾਲੇ।
ਤਿੰਨ ਸੌ ਸਠ ਸਹੇਲੀ ਲੈ ਕੇ ਤੁਰਦੀ ਨਢੀਏ ਨੀ
ਸੂਬੇਦਾਰ ਜਿਊਂ ਸੋਂਹਦੀ ਸਭਦੇ ਨੂੰ ਵਿਚਾਲੇ
ਬਲਣ ਮਸਲਾਂ ਵਾਂਗੂੰ ਅੱਖਾਂ ਹੀਰੇ ਤੇਰੀਆਂ
ਆਸ਼ਕ ਘੇਰ ਤੋਂ ਭਮੱਕੜ ਵਿੱਚ ਮਚਾਲੇ
ਮੁਖੜਾ ਤੇਰਾ ਹੀਰੇ ਸੋਹਣਾ ਫੁੱਲ ਗੁਲਾਬ ਨੀ
ਆਸ਼ਕ ਭੌਰ ਜੀਹਦੇ ਫਿਰਦੇ ਨੀ ਉਦਾਲੇ
ਸੇਹਲੀ ਤੇਰੀ ਨੱਢੀਏ ਵਾਂਗ ਨੀ ਕਮਾਨ ਦੇ

5/ ਇਸ਼ਕ ਸਿਰਾਂ ਦੀ ਬਾਜ਼ੀ