ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/17

ਇਹ ਸਫ਼ਾ ਪ੍ਰਮਾਣਿਤ ਹੈ

ਰਾਂਝਾ ਫੁੱਲ ਗੁਲਾਬ ਦਾ

ਹੀਰ ਜੰਮੀ ਸੀ ਝੰਗ ਸਿਆਲੀਂ
ਰਾਂਝਾ ਤਖਤ ਹਜ਼ਾਰੇ
ਦੁਖੀਏ ਆਸ਼ਕ ਨੂੰ
ਨਾ ਝਿੱੜਕੀਂ ਮੁਟਿਆਰੇ।

ਤਖਤ ਹਜ਼ਾਰੇ ਦੇ ਚੌਧਰੀ ਮੌਜੂ ਦਾ ਪੁੱਤਰ ਧੀਦੋ ਆਪਣੇ ਭਰਾਵਾਂ ਅਤੇ ਭਾਬੀਆਂ ਨਾਲ਼ ਗੁੱਸੇ ਹੋ ਝੰਗ ਸਿਆਲੀਂ ਆ ਪੁੱਜਾ। ਏਥੋਂ ਦੇ ਚੌਧਰੀ ਚੂਚਕ ਦੀ ਅਲਬੋਲੀ ਧੀ ਹੀਰ ਨਾਲ ਧੀਦੋ ਰਾਂਝੇ ਦਾ ਪਿਆਰ ਪੈ ਗਿਆ। ਕਹਿੰਦੇ ਹਨ ਰਾਝਾ ਪੂਰੇ ਬਾਰ੍ਹਾਂ ਵਰ੍ਹੇ ਹੀਰ ਸਲੇਟੀ ਦੀਆਂ ਮੱਝਾਂ ਚਰਾਂਦਾ ਰਿਹਾ। ਪਰੰਤੂ ਹੀਰ ਦੇ ਮਾਪਿਆਂ ਨੇ ਇਨ੍ਹਾਂ ਦੇ ਪਿਆਰ ਨੂੰ ਪਰਵਾਨ ਨਾ ਕੀਤਾ ਸਗੋਂ ਹੀਰ ਦਾ ਵਿਆਹ ਰੰਗਪੁਰ ਖੇੜੇ ਦੇ ਸੈਦੇ ਨਾਲ਼ ਜ਼ੋਰੀਂ ਕਰ ਦਿੱਤਾ। ਹੀਰ ਵਿਲਕਦੀ ਰਹੀ, ਉਸ ਦੀ ਕਿਸੇ ਇਕ ਨਾ ਮੰਨੀ। ਰਾਂਝੇ ਨੇ ਮੱਝੀਆਂ ਛੱਡ ਦਿੱਤੀਆਂ ਤੇ ਜੋਗੀ ਦਾ ਭੇਸ ਧਾਰ ਕੇ ਰੰਗਪੁਰ ਖੇੜੇ ਪੁੱਜ ਗਿਆ। ਹੀਰ ਦੀ ਨਣਦ ਸਹਿਤੀ ਦੁਆਰਾ ਰਾਂਝੇ ਦਾ ਮੇਲ ਹੀਰ ਨਾਲ ਹੋਇਆ। ਹੀਰ ਲੜੇ ਸੱਪ ਦਾ ਬਹਾਨਾ ਬਣਾ ਕੇ ਰਾਂਝੇ ਜੋਗੀ ਪਾਸ ਪੁੱਜੀ ਰਾਤ ਸਮੇਂ ਦੌਨੇ ਨੱਸ ਟੁਰੇ। ਖੇੜਿਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ, ਅੰਤ ਦੋਨੋ ਨਾਹੜਾਂ ਦੇ ਇਲਾਕੇ ਵਿੱਚ ਫੜੇ ਗਏ। ਝਗੜਾ ਕੋਟਕਬੂਲੇ ਦੇ ਹਾਕਮ ਪਾਸ ਪੁੱਜਾ। ਉਹਨੇ ਹੀਰ ਸੈਦੇ ਖੇੜੇ ਨੂੰ ਮੁੜਵਾ ਦਿੱਤੀ। ਕਹਿੰਦੇ ਨੇ ਉਸ ਵੇਲੇ ਕੋਟਕਬੂਲੇ ਨੂੰ ਅੱਗ ਲੱਗ ਗਈ। ਲੋਕਾਂ ਸਮਝਿਆ ਕਿ ਇਹ ਹੀਰ ਰਾਂਝੇ ਦੀ ਬਦਅਸੀਸ ਦਾ ਫਲ ਹੈ। ਸੋ ਉਸ ਵੇਲੇ ਹਾਕਮ ਨੂੰ ਆਪਣਾ ਫੈਸਲਾ ਬਦਲਨਾ ਪਿਆ। ਇਸ ਪ੍ਰਕਾਰ ਹੀਰ ਮੁੜ ਰਾਂਝੇ ਨੂੰ ਮਿਲ ਗਈ ਤੇ ਉਹ ਕਵੀ ਦਮੋਦਰ ਅਨੁਸਾਰ ਮੱਕੇ ਨੂੰ ਚਲੇ ਗਏ। ਇਸ ਰੁਮਾਂਸ ਦਾ ਅੰਤ ਇਹ ਵੀ ਦੱਸਿਆ ਜਾਂਦਾ ਹੈ ਕਿ ਰਾਂਝਾ ਕੋਟਕਬੂਲੇ ਤੋਂ ਹੀਰ ਲੈ ਆਇਆ ਤਾਂ ਹੀਰ ਦੇ ਬਾਪ ਚੂਚਕ ਨੇ ਰਾਂਝੇ ਨੂੰ ਆਖਿਆ ਕਿ ਉਹ ਤਖ਼ਤ ਹਜ਼ਾਰੇ ਤੋਂ ਜੰਝ ਚਾੜ੍ਹ ਲਿਆਵੇ ਤਾਂ ਜੋ ਉਹ ਹੀਰ ਨੂੰ ਸ਼ਗਨਾਂ ਨਾਲ ਤੋਰਨ। ਰਾਂਝਾ ਜੰਝ ਲੈਣ ਚਲਿਆ ਗਿਆ ਤੇ ਮਗਰੋਂ ਚੂਚਕ ਨੇ ਹੀਰ ਦੇ ਚਾਚੇ ਕੈਦੋਂ ਦੇ ਆਖੇ ਲਗ ਕੇ ਹੀਰ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਰਾਂਝਾ ਜੰਝ ਲੈ ਆਇਆ-ਅੱਗੋਂ ਹੀਰ ਦੀ ਮੌਤ ਸੁਣ ਕੇ ਰਾਂਝੇ ਨੇ ਵੀ ਹੀਰ ਦੀ ਕਬਰ ਤੋਂ ਟੱਕਰਾਂ ਮਾਰ ਆਪਣੇ ਪ੍ਰਾਣ ਤਿਆਗ ਦਿੱਤੇ।

ਹੀਰ ਰਾਂਝੇ ਦੀ ਪ੍ਰੀਤ ਕਹਾਣੀ ਨੂੰ ਪੰਜਾਬੀਆਂ ਦੇ ਦਿਲਾਂ ਤੇ ਇਕ ਅਮਿੱਟ ਛਾਪ ਲਾ ਦਿੱਤੀ ਹੈ। ਪੰਜਾਬ ਦੇ ਰੋਮ-ਰੋਮ ਵਿੱਚ ਇਹ ਕਹਾਣੀ ਰਚੀ ਪਈ ਹੈ।

ਪੰਜਾਬ ਦੀ ਗੋਰੀ ਨੇ ਇਸ ਕਥਾ ਨੂੰ ਆਪਣੇ ਗੀਤਾਂ ਵਿੱਚ ਬੜੇ ਪਿਆਰੇ ਅੰਦਾਜ ਨਾਲ਼ ਗਾਇਆ ਹੈ।

1/ਇਸ਼ਕ ਸਿਰਾਂ ਦੀ ਬਾਜ਼ੀ