ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/102

ਇਹ ਸਫ਼ਾ ਪ੍ਰਮਾਣਿਤ ਹੈ

ਜ਼ੈਨੀ ਦੇ ਵਲ ਆਇਆ
ਆਹ ਇਸ਼ਕ ਦੀ ਤੀਰਾਂ ਵਾਂਗੂੰ
ਜ਼ਖ਼ਮ ਕੀਤਾ ਵਿੱਚ ਸੀਨੇ
ਨਿਕਲੀ ਆਹ ਜ਼ੈਨੀ ਦੇ ਦਿਲ ਥੀਂ
ਰੋਵਣ ਨੈਣ ਨਗੀਨੇ
ਇਸ਼ਕ ਆਸ਼ਕ ਥੀਂ ਮਾਸ਼ੂਕਾ ਵਲ
ਆਇਆ ਜ਼ੋਰ ਧਿੰਗਾਣੇ
ਚੜ੍ਹੇ ਖ਼ੁਮਾਰ ਸ਼ਰਾਬੋਂ ਵਧ ਕੇ
ਨੈਣ ਹੋਏ ਮਸਤਾਨੇ
ਸੋਹਣਾ ਇਸ਼ਕ ਸੋਹਣੇ ਦਾ ਲੱਗਾ
ਜ਼ੈਨੀ ਕਮਲੀ ਹੋਈ
ਮਾਣ, ਗਰੂਰ ਤੇ ਨਖਵਤ ਦਿਲ ਦੇ
ਅੰਦਰ ਰਹੀ ਨਾ ਕੋਈ

(ਜਲਾਲ)

ਜ਼ੈਨੀ ਹੁਣ ਤਨੋਂ ਮਨੋਂ ਸੋਹਣੇ ਦੀ ਬਣ ਚੁੱਕੀ ਸੀ। ਉਹ ਹੁਣ ਉਹਦੀ ਖਿਦਮਤ ਕਰਦੀ ਨਹੀਂ ਸੀ ਥੱਕਦੀ। ਉਹਦੇ ਰਾਹਾਂ 'ਤੇ ਨਜ਼ਰਾਂ ਵਿਛਾਉਂਦੀ ਨਹੀਂ ਸੀ ਅੱਕਦੀ।

ਕੁਝ ਸਮਾਂ ਸੋਹਣਾ ਤੇ ਜ਼ੈਨੀ ਪਿਆਰ ਮਿਲਣੀਆਂ ਮਾਣਦੇ ਰਹੇ। ਆਖ਼ਰ ਉਨ੍ਹਾਂ ਦੇ ਇਸ਼ਕ ਦੀ ਚਰਚਾ ਡੇਰੇ ਵਿੱਚ ਛਿੜ ਪਈ। ਉਨ੍ਹਾਂ ਦੀ ਮੁਹੱਬਤ ਨੂੰ ਜੋਗੀਆਂ ਦੇ ਭਾਈਚਾਰੇ ਨੇ ਪ੍ਰਵਾਨ ਨਾ ਕੀਤਾ। ਜ਼ੈਨੀ ਦੀ ਮਾਂ ਨੇ ਵੀ ਉਸ ਨੂੰ ਬਹੁਤੇਰਾ ਸਮਝਾਇਆ ਪਰੰਤੂ ਉਹ ਤਾਂ ਹੁਣ ਸੋਹਣੇ ਲਈ ਜਾਨ ਹਥੇਲੀ 'ਤੇ ਰੱਖੀ ਫਿਰਦੀ ਸੀ:

ਜਮਣਾ ਤੇ ਮਰਨਾ,
ਮੌਤੂੰ ਕਦੇ ਨਾ ਡਰਨਾ,
ਅਸਾਂ ਚਿੱਤ ਜੀਵਨ ਤੂੰ ਚਾਏ।
ਮੈਨੂੰ ਤੇਰੇ ਸ਼ਰਮ ਦੀ ਲੋੜ ਨਾ ਕੋਈ
ਰੱਬ ਸੋਹਣੇ ਤੇ ਮੇਰੀਆਂ ਤੋੜ ਚੜ੍ਹਾਏ
ਮੈਨੂੰ ਯਾਰੀ ਨਾ ਯਾਰ ਦੀ ਭੁਲਦੀ ਏ
ਭਾਵੇਂ ਕੋਈ ਸੂਲੀ ਤੇ ਜਾਨ ਟਿਕਾਏ

(ਵੱਲੂ ਰਾਮ ਬਾਜ਼ੀਗਰ)

ਆਖ਼ਰ ਸਮਰ ਨਾਥ ਨੇ ਸੋਹਣੇ ਨੂੰ ਡੇਰੇ ਵਿਚੋਂ ਕੱਢ ਦਿੱਤਾ। ਸੋਹਣਾ ਆਪਣੇ ਮਹਿਬੂਬ ਦਾ ਪਿੱਛਾ ਕਿਵੇਂ ਛੱਡਦਾ। ਉਹਨੇ ਡੇਰੇ ਦੇ ਬਾਹਰ ਆਪਣਾ ਡੇਰਾ ਜਮਾ ਲਿਆ। ਜੋਗੀਆਂ ਉਹਨੂੰ ਬਹੁਤੇਰਾ ਆਖਿਆ ਕਿ ਉਹ ਉੱਥੋਂ ਚਲਿਆ ਜਾਵੇ ਪਰੰਤੂ ਉਹ ਆਪਣੇ ਹਠ 'ਤੇ ਅੜਿਆ ਰਿਹਾ।

ਸੋਹਣੇ ਦਾ ਹਠ ਵੇਖ ਕੇ ਜੋਗੀਆਂ ਨੂੰ ਰੋਹ ਤਾਂ ਚੜ੍ਹਨਾ ਹੀ ਸੀ। ਉਹ ਉਸ ਨੂੰ ਜਾਨੋਂ

86/ ਇਸ਼ਕ ਸਿਰਾਂ ਦੀ ਬਾਜ਼ੀ