ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/53

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਸਜਿਦਾਂ (ਮਸਜਿਦ-ਉਲ-ਹਰਮ, ਮਸਜਿਦ-ਏ-ਜ਼ਰਾਰ, ਮਸਜਿਦ-ਏ-ਨਬਵੀ, ਮਸਜਿਦ-ਏ-ਅਕਸਾ) ਦਾ ਜ਼ਿਕਰ ਆਉਂਦਾ ਹੈ। ਕੁਰਆਨ ਵਿੱਚ 30 ਸਿਪਾਰੇ, 7 ਮੰਜ਼ਿਲਾਂ, 114 ਸੂਰਤਾਂ (86 ਮੱਕੀ ਅਤੇ 28 ਮਦਨੀ), 540 ਰੁਕੂਅ, 323760 ਅੱਖਰ, 8804 ਪੇਸ਼ਾਂ, 1771 ਮੱਦ, 1243 ਤਸ਼ਾਹੁਦ, 105681 ਨੁਕਤੇ ਹਨ। ਜਦੋਂ ਸੰਨ 11ਹਿਜ ਵਿੱਚ ਜੰਗ-ਏ-ਯਮਾਮਾ ਹੋਈ ਜਿਸ ਵਿੱਚ 700 ਹਾਫ਼ਿਜ਼ ਸ਼ਹੀਦ ਹੋਏ। ਹਜ਼ਰਤ ਉਮਰ (ਰ.) ਨੂੰ ਫ਼ਿਕਰ ਹੋਈ ਕਿ ਜੇਕਰ ਇਸ ਤਰ੍ਹਾਂ ਜੰਗਾਂ ਵਿੱਚ ਹਾਫ਼ਿਜ਼ ਸ਼ਹੀਦ ਹੁੰਦੇ ਰਹੇ ਤਾਂ ਕੁਰਆਨ ਦਾ ਬਹੁਤ ਸਾਰਾ ਹਿੱਸਾ ਅਜਾਈਂ ਨਾ ਚਲਿਆ ਜਾਵੇ। ਇਸ ਲਈ ਇਹਨਾਂ ਨੇ ਅਬੂ ਬਕਰ (ਰ.) ਨੂੰ ਕੁਰਆਨ ਕਰੀਮ ਜਮਾ ਕਰਨ ਦਾ ਮਸ਼ਵਰਾ ਦਿੱਤਾ। ਹਜ਼ਰਤ ਉਮਰ (ਰ.) ਨੇ ਆਪਣੇ ਰਾਜਕਾਲ ਦੌਰਾਨ ਐਲਾਨ ਕਰਵਾਇਆ ਕਿ ਜਿਸ ਦੇ ਕੋਲ ਜਿੰਨਾ ਹਿੱਸਾ ਕੁਰਆਨ ਮਜੀਦ ਦਾ ਮੌਜੂਦ ਹੈ ਉਹ ਸਰਕਾਰੀ ਦਫ਼ਤਰ ਵਿੱਚ ਪਹੁੰਚਾ ਦੇਵੇ। ਇਸ ਤਰ੍ਹਾਂ ਸਾਰਾ ਕੁਰਆਨ ਜਮਾ ਹੋ ਗਿਆ, ਜਿਸ ਦੀ ਹਦਾਇਤ ਹਜ਼ੂਰ (ਸ.) ਨੇ ਆਪ ਫ਼ਰਮਾਈ ਸੀ।

ਹਜ਼ਰਤ ਉਸਮਾਨ ਬਿਨ ਅੱਫ਼ਾਨ ਦੇ ਦੌਰ ਵਿੱਚ ਇਸਲਾਮ ਅਰਬ ਟਾਪੂ 'ਚੋਂ ਨਿੱਕਲ ਕੇ ਅਜਮ ਤੱਕ ਪਹੁੰਚ ਗਿਆ ਸੀ ਕਿਉਂਕਿ ਅਜਮੀਆਂ ਦੀ ਮਾਤਰੀ ਭਾਸ਼ਾ ਅਰਬੀ ਨਹੀਂ ਸੀ। ਇਸ ਕਰਕੇ ਇਹਨਾਂ ਤੋਂ ਏਰਾਬ (ਮਾਤਰਾਵਾਂ) ਦੀਆਂ ਬਹੁਤ ਗ਼ਲਤੀਆਂ ਹੁੰਦੀਆਂ ਸਨ ਜਿਸ ਨਾਲ ਅਰਥਾਂ ਵਿੱਚ ਫ਼ਰਕ ਆ ਜਾਂਦਾ ਸੀ। ਇਸ ਲਈ ਹਜ਼ਰਤ ਉਸਮਾਨ (ਰ.) ਨੇ ਇੱਕ ਅਜਿਹਾ ਟੈਕਸਟ (ਮਨ) ਜ਼ਿੰਮੇਦਾਰ ਬੋਰਡ ਰਾਹੀਂ ਤਿਆਰ ਕਰਕੇ ਪੂਰੀ ਇਸਲਾਮੀ ਦੁਨੀਆ ਵਿੱਚ ਭੇਜਣਾ ਜ਼ਰੂਰੀ ਸਮਝਿਆ। ਇਸ ਦੀਆਂ ਸੱਤ ਨਕਲਾਂ ਤਿਆਰ ਕਰਕੇ ਸਾਰੇ ਸੂਬਾਈ ਕੇਂਦਰਾਂ (ਕੂਫ਼ਾ, ਬਸਰਾ, ਦਮਿਸ਼ਕ, ਮੱਕਾ, ਯਮਨ ਅਤੇ ਬਹਿਰੀਨ ਆਦਿ) ਨੂੰ ਭੇਜ ਦਿੱਤੀਆਂ।

ਮਸ਼ਹੂਰ ਸੈਲਾਨੀ ਇਬਨ-ਏ-ਬਤੂਤਾ (ਵਫ਼ਾਤ 1368 ਈ.) ਨੇ ਇਹੋ ਨੁਸਖਾ ਦਮਿਸ਼ਕ ਦੀ ਜਾਮਾ ਮਸਜਿਦ ਵਿੱਚ ਵੇਖਿਆ ਜਿਹੜਾ ਕੂਫ਼ੀ ਨਸਖ ਵਿੱਚ ਲਿਖਿਆ ਹੋਇਆ ਸੀ ਜਿਸ ਦਾ 1869 ਈ. ਤਾਸ਼ਕੰਦ (ਰੂਸ) ਦੇ ਮਦਰਸਾ ਦੀਵਾਨ ਬੇਗੀ ਵਿੱਚ ਮੌਜੂਦ ਹੋਣਾ ਸਾਬਤ ਹੈ। ਕੁਰਆਨ ਕਰੀਮ ਦੀ ਲਿਖਾਈ ਆਮ ਤੌਰ 'ਤੇ ਖਤ-ਏ-ਕੈਰਮੁਜ਼ ਵਿੱਚ ਸੀ। ਫਿਰ ਖ਼ਤ-ਏ-ਹੈਰੀ ਵਿੱਚ ਹੋਈ। ਉਸਮਾਨੀ ਦੌਰ ਵਿੱਚ ਇਹ ਖ਼ਤ-ਏ-ਕੂਫ਼ੀ ਵਿੱਚ ਲਿਖਿਆ ਗਿਆ। ਖ਼ਾਲਿਦ ਬਿਨ ਅਬੀ ਅਲ ਹਿਯਾਜ ਨੂੰ ਕੁਰਆਨ ਕਰੀਮ ਦਾ ਪਹਿਲਾ ਖ਼ੱਤਾਤ (ਹੱਥ ਨਾਲ ਲਿਖਣ ਵਾਲਾ) ਸਮਝਿਆ ਜਾਂਦਾ ਹੈ। ਹਜ਼ਰਤ ਉਮਰ ਬਿਨ ਅਬਦੁਲ ਅਜ਼ੀਜ਼ ਨੇ ਵੀ ਇਹਨਾਂ ਤੋਂ ਬਹੁਤ ਖ਼ਬਰਤ ਨੁਸਖ਼ਾ ਲਿਖਵਾਇਆ ਸੀ।

53-ਇਸਲਾਮ ਵਿਚ ਔਰਤ ਦਾ ਸਥਾਨ