ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/33

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਫ਼ਰ ਵੀ ਆਖਿਆ ਜਾਂਦਾ ਹੈ। ਇਸਲਾਮ ਅਨੁਸਾਰ ਹੱਜ ਨੌ ਹਿਜਰੀ ਨੂੰ ਫ਼ਰਜ਼ ਹੋਇਆ। ਮੁਸਲਮਾਨ ਜ਼ਿਲ-ਹਿੱਜਾ (ਅਰਬੀ ਕੈਲੰਡਰ ਦਾ ਬਾਰ੍ਹਵਾਂ ਮਹੀਨਾ) ਨੂੰ ਮੱਕਾ ਸ਼ਹਿਰ ਵਿਖੇ ਜਾ ਕੇ ਹੱਜ ਦੀ ਫ਼ਰਜ਼ ਇਬਾਦਤ ਅਦਾ ਕਰਦੇ ਹਨ। ਕਾਅਬਾ ਭਾਵ ਚੌਰਸ ਘਰ ਅਰਥਾਤ ਅੱਲਾਹ ਦਾ ਉਹ ਚੌਰਸ ਘਰ ਜਿਸ ਦੇ ਸ਼ਬਦੀ ਅਰਥ ਬੁਲੰਦ ਅਤੇ ਉੱਚੇ ਦੇ ਹਨ ਕਿਉਂਕਿ ਕਾਅਬੇ ਦੀ ਇਮਾਰਤ ਜ਼ਮੀਨ ਦੇ ਪੱਧਰ ਨਾਲੋਂ ਉੱਚੀ ਹੈ।

ਅਰਬ ਦੇਸ਼ ਦਾ ਵੱਡਾ ਹਿੱਸਾ ਪਹਾੜੀ ਅਤੇ ਰੇਤੀਲਾ ਹੈ। ਵਿਚਕਾਰਲਾ ਹਿੱਸਾ ਬੰਜਰ ਅਤੇ ਵੀਰਾਨ ਹੈ। ਕਿਨਾਰਿਆਂ ਤੇ ਹਰਿਆਲੀ ਅਤੇ ਖੁਸ਼ਹਾਲੀ ਹੈ। ਇਸੇ ਕਰਕੇ ਇੱਥੇ ਲੋਕਾਂ ਦੀ ਸੰਘਣੀ ਆਬਾਦੀ ਹੈ। ਮੱਕੇ ਦੇ ਇਕ ਪਾਸੇ ਹਿੰਦ ਮਹਾਂਸਾਗਰ, ਦੂਜੇ ਪਾਸੇ ਈਰਾਨ ਦੀ ਖਾੜੀ, ਤੀਜੇ ਪਾਸੇ ਲਾਲ ਸਮੁੰਦਰ ਦੇ ਕਿਨਾਰੇ ਹਿਜਾਜ਼ ਤੋਂ ਅਦਨ ਦੀ ਖਾੜੀ ਤੱਕ ਫੈਲਿਆ ਹੋਇਆ ਹੈ।

ਕੁਰਆਨ ਸ਼ਰੀਫ਼ 'ਚ ਮੱਕਾ ਅਤੇ ਬੱਕਾ ਦੋਵੇਂ ਨਾਮ ਪ੍ਰਯੁਕਤ ਹੋਏ ਹਨ ਜਿਹਨਾਂ ਦਾ ਭਾਵ ਅਰਥ ਇੱਕੋ ਹੀ ਹੈ। ਬੱਕਾ ਦਾ 'ਬ' ਬਦਲ ਕੇ ਮੱਕਾ ਬਣ ਗਿਆ। ਰਿਵਾਇਤ ਹੈ ਕਿ ਮੱਕਾ ਸ਼ਬਦ ਮੱਕ ਤੋਂ ਬਣਿਆ ਹੈ ਜਿਸ ਦੇ ਅਰਥ ਜਜ਼ਬ ਕਰਨ ਦੇ ਹਨ। ਕਾਅਬਾ ਲੋਕਾਂ ਦੇ ਗੁਨਾਹਾਂ ਨੂੰ ਜਜ਼ਬ ਕਰ ਲੈਂਦਾ ਹੈ। ਮੱਕਾ ਸ਼ਬਦ ਦਾ ਇਕ ਅਰਥ ਉਹ ਥਾਂ ਜਿੱਥੇ ਪਾਣੀ ਦੀ ਘਾਟ ਹੋਵੇ, ਵੀ ਹੈ ਅਤੇ ਇਸ ਤੋਂ ਭਾਵ ਜ਼ਾਲਮ ਨੂੰ ਨਸ਼ਟ ਕਰਨਾ ਵੀ ਹੈ। ਇਹ ਉਮੁੱਲ ਕੁਰ (ਸਫ਼ਾਈ, ਸੁਥਰਾਈ, ਵਡਿਆਈ ਅਤੇ ਪਵਿੱਤਰਤਾ) ਵਾਲਾ ਸ਼ਹਿਰ ਹੈ। ਤਾਰੀਖ਼-ਏ-ਮੱਕਾ ਵਿਚ ਇਸ ਦੇ ਛਪੰਜਾ ਨਾਂ ਮਿਲਦੇ ਹਨ। ਇਹ ਸ਼ਹਿਰ ਸਮੁੰਦਰੀ ਤੱਟ ਤੋਂ ਤਿੰਨ ਸੌ ਤੀਹ ਮੀਟਰ ਦੀ ਉੱਚਾਈ 'ਤੇ ਸਥਿਤ ਹੈ। ਇੱਥੇ ਦੇ ਲੋਕਾਂ ਦਾ ਪੁਰਾਣਾ ਪੇਸ਼ਾ ਕੱਪੜਾ, ਅਨਾਜ, ਚਮੜਾ, ਖ਼ੁਸ਼ਕ ਮੇਵੇ ਅਤੇ ਖ਼ੁਸ਼ਬੂ ਆਦਿ ਦੇ ਵਪਾਰ ਨਾਲ ਸਬੰਧਿਤ ਰਿਹਾ ਹੈ। ਇਸ ਸ਼ਹਿਰ 'ਚ ਪ੍ਰਵੇਸ਼ ਕਰਨ ਲਈ ਤਿੰਨ ਰਸਤੇ ਹਨ ਜੋ ਦਰਵਾਜ਼ਿਆਂ ਦੀ ਸ਼ਕਲ ’ਚ ਬਣੇ ਹੋਏ ਹਨ। ਪਹਾੜਾਂ ਦੇ ਵਿਚਕਾਰ ਵਸਿਆ ਹੋਇਆ ਮੱਕਾ ਸ਼ਹਿਰ ਕੁਦਰਤੀ ਖਿੱਚ ਦਾ ਕੇਂਦਰ ਹੈ। ਇੱਥੋਂ ਦਾ ਮੌਸਮ ਬਦਲਦਾ ਰਹਿੰਦਾ ਹੈ। ਪੌਣ-ਪਾਣੀ ਗਰਮ ਖੁਸ਼ਕ ਹੈ। ਡਾ. ਐਚ. ਬੀ. ਖਾਨ (ਸ਼ਾਹਰਾਹ-ਏ-ਮੱਕਾ, ਪੰਨਾ 44 'ਤੇ) ਲਿਖਦੇ ਹਨ: "ਇਹ ਸ਼ਹਿਰ ਖੁਸ਼ਕ ਪਹਾੜੀਆਂ ਨਾਲ ਘਿਰਿਆ ਹੋਇਆ ਹੈ ਜਿਸ ਦੀ ਉੱਚਾਈ 200 ਤੋਂ 600 ਫੁੱਟ ਤੱਕ ਹੈ ਅਤੇ ਇਹ ਪਹਾੜ ਕੁਦਰਤੀ ਪਨਾਹ ਦਾ ਕੰਮ ਵੀ ਦਿੰਦੇ ਹਨ।"

ਮੱਕੇ ਸ਼ਹਿਰ 'ਚ ਬਣੇ ਹੋਏ ਖੁੱਲ੍ਹੇ-ਡੁੱਲ੍ਹੇ ਮਕਾਨ ਸ਼ਹਿਰ ਦੀ ਸੁੰਦਰਤਾ 'ਚ ਵਾਧਾ ਕਰਦੇ ਹਨ। ਸਾਫ਼ ਸੁਥਰੀਆਂ ਚੌੜੀਆਂ ਸੜਕਾਂ ਆਪਣੀ ਮਿਸਾਲ ਆਪ

33-ਇਸਲਾਮ ਵਿਚ ਔਰਤ ਦਾ ਸਥਾਨ