ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/21

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਲਾਮ ਦੇ ਪੰਜ ਥੰਮ੍ਹ

ਇਸਲਾਮ

ਇਸਲਾਮ ਮੂਲ ਰੂਪ ਵਿਚ ਅਰਬੀ ਜ਼ੁਬਾਨ ਦਾ ਸ਼ਬਦ ਹੈ ਜਿਸ ਦੇ ਸ਼ਾਬਦਿਕ ਅਰਥ ਆਗਿਆਕਾਰੀ, ਹੁਕਮ ਮੰਨਣਾ, ਅਮਨ ਸ਼ਾਂਤੀ ਅਤੇ ਉਸ ਦੀ ਰਜ਼ਾ ਵਿਚ ਰਾਜ਼ੀ ਰਹਿਣ ਦੇ ਹਨ। ਇਸਲਾਮ ਕੁਝ ਅਕੀਦਿਆਂ ਅਤੇ ਵਿਸ਼ਵਾਸਾਂ ਦਾ ਨਾਂ ਹੀ ਨਹੀਂ ਬਲਕਿ ਇਸ ਦੇ ਨਾਲੋ ਨਾਲ ਮੁਕੰਮਲ ਤਰਜ਼-ਏ-ਹਯਾਤ ਦਾ ਨਾਂ ਵੀ ਹੈ। ਜ਼ਿੰਦਗੀ ਦੇ ਹਰ ਗੋਸ਼ੇ ਨੂੰ ਨਿਵੇਕਲੇ ਢੰਗ ਨਾਲ ਪੇਸ਼ ਕਰਨ ਦਾ ਨਾਂ ਇਸਲਾਮ ਹੈ। ਬੁਰਾਈ ਨੂੰ ਛੱਡ ਕੇ ਅੱਛਾਈ 'ਤੇ ਚੱਲਣ ਦਾ ਨਾਂ ਇਸਲਾਮ ਹੈ। ਜਨਮ ਤੋਂ ਲੈ ਕੇ ਮਰਨ ਤੱਕ ਰੱਬ ਦੇ ਹਰ ਹੁਕਮ ਅਤੇ ਨਬੀ ਦੀ ਹਰ ਅਦਾ 'ਤੇ ਮਰ ਮਿਟਣ ਦਾ ਨਾਂ ਇਸਲਾਮ ਹੈ। ਅਜਿਹੇ ਤੌਰ ਤਰੀਕੇ 'ਤੇ ਚੱਲਣ ਵਾਲੇ ਨੂੰ ਮੁਸਲਮਾਨ ਕਿਹਾ ਜਾਂਦਾ ਹੈ। ਜਿਸ ਦੇ ਅਰਥ ਆਗਿਆਕਾਰ ਦੇ ਹਨ।

ਇਸਲਾਮ ਦੀ ਹੋਂਦ ਹਜ਼ਰਤ ਆਦਮ (ਅਲੈ.) ਅਤੇ ਮਾਂ ਹੱਵਾ ਦੇ ਜ਼ਮੀਨ 'ਤੇ ਪੈਰ ਧਰਨ ਦੇ ਨਾਲ ਹੋਈ। ਹਜ਼ਰਤ ਆਦਮ (ਅਲੈ.) ਇਸਲਾਮ ਦੇ ਪਹਿਲੇ ਪੈਗ਼ੰਬਰ ਹਨ ਜਿਹਨਾਂ ਨੇ ਪੂਰੀ ਉਮਰ ਆਪਣੀ ਔਲਾਦ ਨੂੰ ਰੱਬ ਨਾਲ ਜੋੜਨ ਦਾ ਯਤਨ ਕੀਤਾ। ਆਪ ਦੇ ਇਸ ਦੁਨੀਆ ਤੋਂ ਪਰਦਾ ਫ਼ਰਮਾਉਣ ਤੋਂ ਬਾਅਦ ਆਪ ਦਾ ਆਰ ਪਰਿਵਾਰ ਵਧਦਾ ਗਿਆ। ਰੱਬ ਦੀ ਮਖ਼ਲੂਕ ਨੂੰ ਰੱਬ ਨਾਲ ਜੋੜਨ ਅਤੇ ਸਿੱਧਾ ਰਸਤਾ ਵਿਖਾਉਣ ਲਈ ਸਮੇਂ ਸਮੇਂ ਸਿਰ ਪੈਗ਼ੰਬਰ ਆਉਂਦੇ ਰਹੇ। ਹਜ਼ਰਤ ਨੂਹ, (ਅਲੈ.) ਹਜ਼ਰਤ ਇਬਰਾਹੀਮ, (ਅਲੈ.) ਹਜ਼ਰਤ ਯੂਸੁਫ਼, (ਅਲੈ.) ਹਜ਼ਰਤ ਮੂਸਾ, (ਅਲੈ.) ਹਜ਼ਰਤ ਦਾਊਦ, (ਅਲੈ.) ਹਜ਼ਰਤ ਸੁਲੇਮਾਨ, (ਅਲੈ.) ਹਜ਼ਰਤ ਜ਼ਕਰੀਆ, (ਅਲੈ.) ਹਜ਼ਰਤ ਈਸਾ (ਅਲੈ.) ਤੋਂ ਬਾਅਦ ਹਜ਼ਰਤ ਮੁਹੰਮਦ (ਸ.) ਤਸ਼ਰੀਫ਼ ਲਿਆਏ।

ਇਸਲਾਮ ਰੂਪੀ ਇਮਾਰਤ ਪੰਜ ਥੰਮ੍ਹਾਂ 'ਤੇ ਕਾਇਮ ਹੈ। ਹਰੇਕ ਥੰਮ੍ਹ ਦਾ ਆਪਣਾ ਸਥਾਨ ਹੈ। ਜੇਕਰ ਕਿਸੇ ਥੰਮ੍ਹ ਵਿਚ ਕਮਜ਼ੋਰੀ ਆ ਜਾਵੇਗੀ ਉਹੀ ਸਾਈਡ ਖ਼ਤਰੇ ਦਾ ਕਾਰਨ ਬਣ ਜਾਵੇਗੀ।

21-ਇਸਲਾਮ ਵਿਚ ਔਰਤ ਦਾ ਸਥਾਨ