ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/148

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਜ਼ੂਰ ਨੇ ਆਪਣੀ ਔਲਾਦ ਦੀ ਇਸ ਢੰਗ ਅਨੁਸਾਰ ਤਰਬੀਅਤ ਫ਼ਰਮਾਈ ਸੀ ਇਸ ਤੋਂ ਵਧੀਆਂ ਕੋਈ ਨਜ਼ੀਰ ਨਹੀਂ ਮਿਲਦੀ। ਹਜ਼ਰਤ ਆਇਸ਼ਾ (ਰਜ਼ੀ.) ਹਜ਼ਰਤ ਫ਼ਾਤਿਮਾ (ਰਜ਼ੀ.) ਸਬੰਧੀ ਫ਼ਰਮਾਉਂਦੀਆਂ ਹਨ ਕਿ "ਹਜ਼ਰਤ ਫ਼ਾਤਿਮਾ ਸਾਰੀਆਂ ਔਰਤਾਂ 'ਚੋਂ ਅਕਲਮੰਦ ਹਨ।" ਆਪ ਦਾ ਫ਼ਰਮਾਨ ਹੈ ਕਿ ਕਲਾਮ ਵਿਚ ਨਿਪੁੰਨਤਾ, ਗੱਲਬਾਤ ਅਤੇ ਸੁਭਾਅ ਵਿਚ ਨਰਮੀ, ਨਿਰੋਲ ਰੱਬ ਦੀ ਰਜ਼ਾ, ਚੰਗੀ ਬੋਲਬਾਣੀ ਅਤੇ ਵੱਕਾਰ ਤੋਂ ਵਧ ਕੇ ਕੋਈ ਹੋਰ ਹਰ ਵਰਗਾ ਨਹੀਂ ਸੀ।"

(ਤਿਰਮਜ਼ੀ)

ਮਾਂ-ਬਾਪ ਲਈ ਜ਼ਰੂਰੀ ਹੈ ਕਿ ਔਲਾਦ ਵਿਚਕਾਰ ਇਨਸਾਫ਼ ਰੱਖਣ। ਲੜਕੇ ਲੜਕੀ, ਛੋਟੇ ਵੱਡੇ ਨੂੰ ਕੋਈ ਤਰਜੀਹ ਨਹੀਂ। ਯੂਰਪ ਦੇ ਜਿਨ੍ਹਾਂ ਮੁਲਕਾਂ ਵਿਚ ਨਵਾਬੀ ਦੌਰ ਹੈ ਹੁਣ ਵੀ ਵੱਡੇ ਬੇਟੇ ਨੂੰ ਜਾਇਦਾਦ 'ਚੋਂ ਜ਼ਿਆਦਾ ਹਿੱਸਾ ਮਿਲਦਾ ਹੈ।

ਮਾਂ-ਬਾਪ ਨੂੰ ਚਾਹੀਦਾ ਹੈ ਕਿ ਬਚਪਨ ਦੌਰਾਨ ਬੱਚਿਆਂ ਨੂੰ ਚੰਗੀਆਂ ਆਦਤਾਂ ਸਿਖਾਉਣ, ਚੰਗੀ ਸਾਂਭ ਸੰਭਾਲ ਕਰਨ ਕਿਉਂਕਿ ਜਿਹੜੀਆਂ ਆਦਤਾਂ ਬਚਪਨ ਵਿਚ ਪੈ ਜਾਂਦੀਆਂ ਹਨ ਸਾਰੀ ਉਮਰ ਉਹੀ ਰਹਿੰਦੀਆਂ ਹਨ। ਬੱਚਿਆਂ ਨੂੰ ਕਿਸੇ ਚੀਜ਼ ਤੋਂ ਡਰਾਇਆ ਨਾ ਜਾਵੇ। ਸਾਫ਼ ਸੁਥਰਾ ਰਖਿਆ ਜਾਵੇ। ਹੈਸੀਅਤ ਅਨੁਸਾਰ ਸਾਫ਼ ਕੱਪੜੇ ਪਹਿਨਾਏ ਜਾਣ। ਬੱਚਿਆਂ ਦੇ ਹੱਥੋਂ ਪੁੰਨ-ਦਾਨ, ਖ਼ੈਰ-ਖੈਰਾਤ ਕਰਵਾਈ ਜਾਵੇ। ਇਹਨਾਂ ਦੀ ਹਰੇਕ ਜ਼ਿੱਦ ਪੂਰੀ ਨਾ ਕੀਤੀ ਜਾਵੇ। ਇਹਨਾਂ ਨੂੰ ਬੁਰੀ ਬੈਠਕ ਅਤੇ ਬੁਰੇ ਲੋਕਾਂ ਤੋਂ ਬਚਾਇਆ ਜਾਵੇ। ਝੂਠ ਬੋਲਣ, ਨਿੰਦਿਆ ਕਰਨ, ਧੋਖਾ ਦੇਣ ਤੋਂ ਰੋਕਿਆ ਜਾਵੇ। ਸੱਚੀਆਂ ਪੱਕੀਆਂ ਕਹਾਣੀਆਂ ਸੁਣਾਈਆਂ ਜਾਣ। ਛੇਤੀ ਸੌਣ ਅਤੇ ਜਲਦੀ ਜਾਗਣ ਦੀ ਆਦਤ ਪਾਈ ਜਾਵੇ। ਚੰਗੀ ਖੇਡ ਦੇ ਫ਼ਾਇਦੇ ਦੱਸੇ ਜਾਣ। ਚੰਗਾ ਹੁਨਰ ਸਿਖਾਇਆ ਜਾਵੇ। ਇਹੋ ਬੱਚੇ ਆਉਣ ਵਾਲਾ ਭਵਿੱਖ ਹਨ। ਜੇਕਰ ਇਹ ਬਣ ਗਏ ਤਾਂ ਭਵਿੱਖ ਵੀ ਸੁਨਹਿਰਾ ਬਣ ਜਾਵੇਗਾ।

ਮਾਂ-ਬਾਪ ਦੇ ਹੱਕ

ਔਲਾਦ 'ਤੇ ਮਾਂ-ਬਾਪ ਵਲੋਂ ਇੰਨੇ ਅਹਿਸਾਨ ਕੀਤੇ ਹੁੰਦੇ ਹਨ ਜੇਕਰ ਔਲਾਦ ਸਾਰੀ ਉਮਰ ਉਹਨਾਂ ਅਹਿਸਾਨਾਂ ਦਾ ਬਦਲਾ ਚੁਕਾਵੇ ਤਾਂ ਵੀ ਪੂਰੇ ਨਹੀਂ ਹੋ ਸਕਦੇ। ਮਾਂ ਬਾਪ ਔਲਾਦ ਦੇ ਬਚਪਨ ਦੇ ਦਿਨਾਂ 'ਚ ਦੁੱਖ ਦਰਦ ਨੂੰ ਬਰਦਾਸ਼ਤ ਕਰਦੇ ਹਨ। ਔਲਾਦ ਦੀ ਲੰਬੀ ਉਮਰ ਲਈ ਦੁਆਵਾਂ ਕਰਦੇ ਹਨ। ਜਦੋਂ ਮਾਂ ਬਾਪ ਖ਼ੁਦ ਬੁਢਾਪੇ 'ਚ ਚਲੇ ਜਾਂਦੇ ਹਨ ਤਾਂ ਨੇਕ ਔਲਾਦ ਉਹਨਾਂ ਦੀ ਸੇਵਾ ਕਰਨਾ ਫ਼ਖ਼ਰ ਸਮਝਦੀ ਹੈ। ਕਈ ਨਾਫ਼ਰਮਾਨ ਅਜਿਹੀ ਹਾਲਤ ਵਿਚ

148-ਇਸਲਾਮ ਵਿਚ ਔਰਤ ਦਾ ਸਥਾਨ