ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/147

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਔਲਾਦ ਦੇ ਹੱਕ

ਰੱਬ ਨੇ ਮਾਂ-ਬਾਪ ਦੇ ਦਿਲ ਵਿਚ ਔਲਾਦ ਦੀ ਮੁਹੱਬਤ ਨਿਵੇਕਲੇ ਢੰਗ ਨਾਲ ਪੈਦਾ ਫ਼ਰਮਾਈ ਹੈ ਕਿ ਕਈ ਵਾਰੀ ਇਨਸਾਨ ਮਜਬੂਰ ਹੋ ਕੇ ਇਨਸਾਫ਼ ਦਾ ਦਾਮਨ ਛੱਡ ਦਿੰਦਾ ਹੈ। ਕੁਰਆਨ ਮਜੀਦ ਵਿਚ ਫ਼ਰਮਾਨ ਹੈ:

"ਤੁਹਾਡੇ ਮਾਲ ਅਤੇ ਤੁਹਾਡੀ ਔਲਾਦ ਇਕ ਅਜ਼ਮਾਇਸ਼ ਹਨ।"

ਇਸਲਾਮ ਨੇ ਆਪਣੀ ਔਲਾਦ ਪ੍ਰਤੀ ਦਰਮਿਆਨਾ ਸਲੂਕ ਕਰਨ ਦਾ ਪੈਗ਼ਾਮ ਦਿੱਤਾ ਹੈ। ਰਬ ਦਾ ਫ਼ਰਮਾਨ ਹੈ ਕਿ "ਨਾ ਹੀ ਤੁਸੀਂ ਉਹਨਾਂ ਦੇ ਬਣ ਕੇ ਰਹਿ ਜਾਓ ਅਤੇ ਨਾ ਉਹਨਾਂ ਲਈ ਅਰਾਮ (ਸੁੱਖ ਸ਼ਾਂਤੀ) ਤਰੱਕੀ ਦੇ ਸਮਾਨ ਪੈਦਾ ਕਰਨ ਦੇ ਲਈ ਹਰੇਕ ਜਾਇਜ਼ ਅਤੇ ਨਾ-ਜਾਇਜ਼ ਰਸਤਾ ਅਖ਼ਤਿਆਰ ਕਰ ਲਓ।" ਔਲਾਦ ਨੂੰ ਗ਼ਰੀਬੀ ਦੇ ਡਰੋਂ ਮਾਰਨਾ ਕਤਲ ਕਰਨ ਤੋਂ ਘੱਟ ਨਹੀਂ। ਰੱਬ ਦਾ ਫ਼ਰਮਾਨ ਹੈ ਕਿ "ਤੁਹਾਨੂੰ ਅਤੇ ਉਹਨਾਂ ਨੂੰ ਰਿਜ਼ਕ ਦੇਣ ਵਾਲਾ ਅੱਲਾਹ ਹੈ ਅਤੇ ਗ਼ਰੀਬੀ ਦੇ ਡਰੋਂ ਉਹਨਾਂ ਦੀਆਂ ਜਾਨਾਂ ਨਾ ਲਓ।" (ਸੂਰਤ ਅਲ-ਇਨਆਮ)

ਇਸਲਾਮ ਨੇ ਔਰਤ ਨੂੰ ਜ਼ਿਲਤ ਅਤੇ ਡੂੰਘਾਈ ਤੋਂ ਕੱਢ ਕੇ ਇੱਜ਼ਤ ਦੀਆਂ ਚੋਟੀਆਂ ਤੱਕ ਪਹੁੰਚਾਇਆ ਹੈ। ਲੜਕੀ ਨੂੰ ਲੜਕੇ ਨਾਲੋਂ ਕਮਜ਼ੋਰ ਸਮਝਦਿਆਂ ਇਸ ਵੱਲ ਵਿਸ਼ੇਸ਼ ਤੌਰ 'ਤੇ ਧਿਆਨ ਦੇਣ ਦੀ ਤਾਕੀਦ ਫ਼ਰਮਾਈ ਗਈ ਹੈ। ਹਜ਼ੂਰ (ਸ.) ਦਾ ਫ਼ਰਮਾਨ ਹੈ ਕਿ ਜਿਹੜਾ ਆਦਮੀ ਦੋ ਲੜਕੀਆਂ ਪਾਲ ਲਏ ਅਤੇ (ਜਦੋਂ) ਜਵਾਨ ਹੋ ਜਾਣ ਤਾਂ ਹਜ਼ੂਰ ਨੇ ਦੋ ਉਂਗਲੀਆਂ ਚੁੱਕ ਕੇ ਫ਼ਰਮਾਇਆ ਕਿ ਮੇਰਾ ਅਤੇ ਉਸ ਦਾ ਸਾਥ ਇਸ ਤਰ੍ਹਾਂ ਹੋਵੇਗਾ। (ਤਿਰਮਜ਼ੀ) ਅਤੇ ਫ਼ਰਮਾਨ ਹੈ ਕਿ "ਜਿਸ ਦੇ ਦੋ ਜਾਂ ਤਿੰਨ ਬੇਟੀਆਂ ਜਾਂ ਭੈਣਾਂ ਹੋਣ ਉਹ ਉਹਨਾਂ ਦੇ ਨਾਲ ਚੰਗਾ ਸਲੂਕ ਰਖੇ ਤਾਂ ਉਹ ਜੰਨਤ ਵਿਚ ਦਾਖ਼ਲ ਹੋਵੇਗਾ।"

(ਤਿਰਮਜ਼ੀ)

ਆਪ (ਸ.) ਨੂੰ ਔਲਾਦ ਨਾਲ ਅਥਾਹ ਮੁਹੱਬਤ ਸੀ। ਜਦੋਂ ਆਪ ਦੀ ਬੇਟੀ ਫ਼ਾਤਿਮਾ ਆਉਂਦੀ ਤਾਂ ਪਿਆਰ ਮੁਹੱਬਤ ਕਰਕੇ ਆਪ ਖੜ੍ਹੇ ਹੋ ਜਾਂਦੇ ਅਤੇ ਆਪਣੀ ਥਾਂ 'ਤੇ ਉਸ ਨੂੰ ਬਿਠਾਉਂਦੇ।

ਔਲਾਦ ਦੀ ਤਾਲੀਮ-ਤਰਬੀਅਤ

ਇਸਲਾਮ ਨੇ ਔਲਾਦ ਦੀ ਤਾਲੀਮ-ਤਰਬੀਅਤ ਦੇ ਲਈ ਵਿਸ਼ੇਸ਼ ਧਿਆਨ ਦੇਣ ਲਈ ਪ੍ਰੇਰਿਆ ਹੈ। ਮਾਂ ਬਾਪ ਔਲਾਦ ਨੂੰ ਇਸ ਤੋਂ ਵਧੀਆਂ ਕੋਈ ਹੋਰ ਤੋਹਫ਼ਾ ਨਹੀਂ ਦੇ ਸਕਦੇ ਕਿ ਉਹ ਉਹਨਾਂ ਦੀ ਚੰਗੀ ਤਰਬੀਅਤ ਕਰ ਦੇਣ। 'ਕੋਈ ਬਾਪ ਆਪਣੇ ਬੱਚੇ ਨੂੰ ਅਦਬ ਆਦਾਬ ਤੋਂ ਵਧੀਆ ਤੋਹਫ਼ਾ ਨਹੀਂ ਦੇ ਸਕਦਾ।'

(ਤਿਰਮਜ਼ੀ)

147-ਇਸਲਾਮ ਵਿਚ ਔਰਤ ਦਾ ਸਥਾਨ