ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/126

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਜ਼ਰਤ ਮੁਹੰਮਦ (ਸ.) ਨੇ ਵਿਆਹ ਨਾ ਕਰਵਾਉਣ ਅਤੇ ਦੁਨੀਆ ਤੋਂ ਕਿਨਾਰਾ ਕਰ ਲੈਣ ਨੂੰ ਮਨ੍ਹਾਂ ਫ਼ਰਮਾਇਆ ਹੈ।

(ਨਿਸਾਈ)

ਹਜ਼ਰਤ ਅਨਸ (ਜੀ.) ਫ਼ਰਮਾਉਂਦੇ ਹਨ ਕਿ ਹਜ਼ਰਤ ਮੁਹੰਮਦ (ਸ.) ਸਾਨੂੰ ਸ਼ਾਦੀ ਕਰਨ ਦਾ ਹੁਕਮ ਦਿੰਦੇ ਸਨ ਅਤੇ ਸ਼ਾਦੀ ਨਾ ਕਰਨ ਤੋਂ ਮਨ੍ਹਾਂ ਫ਼ਰਮਾਉਂਦੇ ਸਨ।

(ਸੁਨਣ ਦਾਰਮੀ)

ਸ਼ਾਦੀ/ਵਿਆਹ ਦੇ ਸਿਲਸਿਲੇ 'ਚ ਰਾਏ ਲੈਣਾ

ਸ਼ਾਦੀ-ਵਿਆਹ ਦੇ ਸਿਲਸਿਲੇ ਵਿਚ ਮੁੰਡੇ ਕੁੜੀ ਦੇ ਐਬ-ਹੁਨਰ, ਚੰਗਿਆਈ ਬੁਰਾਈ ਸਬੰਧੀ ਸਹੀ ਜਾਣਕਾਰੀ ਪ੍ਰਾਪਤ ਕਰਨਾ, ਲੋਕਾਂ ਤੋਂ ਇਸ ਬਾਰੇ ਮਸ਼ਵਰਾ ਲੈਣਾ, ਜਿਸ ਤੋਂ ਮਸ਼ਵਰਾ ਲਿਆ ਜਾਵੇ ਉਹ ਸਹੀ ਮਸ਼ਵਰਾ ਦੇਵੇ ਕਿਉਂਕਿ ਹਦੀਸ ਸ਼ਰੀਫ਼ ਤੋਂ ਸਿੱਧ ਹੁੰਦਾ ਹੈ ਕਿ ਜਿਸ ਨਾਲ ਮਸ਼ਵਰਾ ਕੀਤਾ ਜਾਂਦਾ ਹੈ ਉਹ ਅਮਾਨਤਦਾਰ ਹੁੰਦਾ ਹੈ।

ਸ਼ਾਦੀ ਸਬੰਧੀ ਪੈਗ਼ਾਮ 'ਤੇ ਪੈਗ਼ਾਮ ਭੇਜਣਾ

ਜੇਕਰ ਕਿਸੇ ਮੁਸਲਮਾਨ ਮਰਦ ਨੇ ਕਿਸੇ ਮੁਸਲਮਾਨ ਔਰਤ ਨਾਲ ਸ਼ਾਦੀ ਸਬੰਧੀ ਕੋਈ ਗੱਲਬਾਤ ਸ਼ੁਰੂ ਕਰ ਰੱਖੀ ਹੋਵੇ।ਕਿਸੇ ਹੋਰ ਮੁਸਲਮਾਨ ਨੂੰ ਉਸ ਥਾਂ ਸ਼ਾਦੀ ਸਬੰਧੀ ਕੋਈ ਪੈਗ਼ਾਮ ਉਸ ਵੇਲੇ ਤੱਕ ਨਹੀਂ ਭੇਜਣਾ ਚਾਹੀਦਾ। ਜਦੋਂ ਤੱਕ ਉਸ ਦੀ ਗੱਲਬਾਤ ਖ਼ਤਮ ਨਾ ਹੋ ਗਈ ਹੋਵੇ। ਆਪ ਦਾ ਫ਼ਰਮਾਨ ਹੈ ਕਿ ਕੋਈ ਮਰਦ ਆਪਣੇ ਭਾਈ ਦੇ ਪੈਗ਼ਾਮ 'ਤੇ ਉਸ ਵੇਲੇ ਤੱਕ ਕੋਈ ਹੋਰ ਪੈਗਾਮ ਨਾ ਭੇਜੇ। ਜਦੋਂ ਤੱਕ ਨਿਕਾਹ ਕਰ ਲੈਣ ਜਾਂ ਨਾ ਕਰ ਲੈਣ ਬਾਬਤ ਕੋਈ ਤੈਅ ਨਾ ਹੋ ਜਾਵੇ।

ਨਿਕਾਹ ਦਾ ਐਲਾਨ ਕਰਨਾ

ਮੰਗਣੀ ਪੱਕੀ ਹੋਣ ਉਪਰੰਤ ਚਾਹੀਦਾ ਹੈ ਕਿ ਨਿਕਾਹ ਲਈ ਦਿਨ, ਮਿਤੀ, ਸਮਾਂ ਅਤੇ ਸਥਾਨ ਦਾ ਐਲਾਨ ਕਰ ਦਿੱਤਾ ਜਾਵੇ। ਨਿਕਾਹ ਦੇ ਲਈ ਦਫ਼ (ਡਫ਼ਲੀ) ਅਤੇ ਨਗਾਰਾ ਵਜਾ ਕੇ ਜਾਂ ਰਾਤ ਦੇ ਸਮੇਂ ਐਲਾਨ ਕਰਨ ਦੇ ਮੰਤਵ ਨਾਲ ਜ਼ਿਆਦਾ ਰੌਸ਼ਨੀ ਕਰਨਾ ਵਧੀਆ ਗੱਲ ਹੈ। ਆਪ (ਸ.) ਦਾ ਫ਼ਰਮਾਨ ਹੈ ਕਿ ਨਿਕਾਹ ਦਾ ਐਲਾਨ ਕਰਿਆ ਕਰੋ ਅਤੇ ਇਸ ਲਈ ਸਭ ਤੋਂ ਵਧੀਆ ਥਾਂ ਮਸਜਿਦ ਹੈ। (ਤਿਰਮਜ਼ੀ)

126-ਇਸਲਾਮ ਵਿਚ ਔਰਤ ਦਾ ਸਥਾਨ