ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/124

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਲਾਮੀ ਕਾਨੂੰਨ ਅਨੁਸਾਰ ਔਰਤ ਦੇ ਅਖ਼ਤਿਆਰ

ਇਸਲਾਮੀ ਕਾਨੂੰਨ ਅਨੁਸਾਰ ਹਨਫ਼ੀਆ ਦੇ ਨਜ਼ਦੀਕ ਕੁੱਝ ਅਜਿਹੀਆਂ ਪ੍ਰਸਥਿਤੀਆਂ ਹਨ ਜਿਹਨਾਂ 'ਚ ਔਰਤ ਨੂੰ ਮਰਦ ਤੋਂ ਆਗਿਆ ਲੈਣ ਦੀ ਜ਼ਰੂਰਤ ਨਹੀਂ ਜਿਵੇਂ

(1) ਉਹ ਅਹਿਜੇ ਮਕਾਨ ਵਿਚ ਰਹਿ ਰਹੀ ਹੋਵੇ ਕਿ ਉਸ ਦੇ ਡਿਗ ਜਾਣ ਦਾ ਡਰ ਹੋਵੇ।

(2) ਜੇਕਰ ਉਸ ਨੂੰ ਕਿਸੇ ਮਸਲੇ ਦੀ ਜ਼ਰੂਰਤ ਪੈ ਜਾਵੇ ਅਤੇ ਪਤੀ ਨੂੰ ਇਸ ਸਬੰਧੀ ਜਾਣਕਾਰੀ ਨਾ ਹੋਵੇ ਤਾਂ ਕਿਸੇ ਇਲਮੀ ਮਜਲਿਸ ਵਿਚ (ਸ਼ਰ੍ਹਾ ਅਨੁਸਾਰ) ਜਾ ਸਕਦੀ ਹੈ।

(3) ਮਾਤਾ-ਪਿਤਾ ਦੀ ਖ਼ਬਰਗੀਰੀ, ਉਹਨਾਂ ਦੇ ਦੁੱਖ-ਸੁੱਖ ਅਤੇ ਬਿਮਾਰੀ ਦੀ ਹਾਲਤ ਉਹਨਾਂ ਦਾ ਹਾਲ-ਚਾਲ ਪੁੱਛਣ ਅਤੇ ਮਹਿਰਮ ਰਿਸ਼ਤੇਦਾਰਾਂ ਨੂੰ ਮਿਲਣ ਲਈ ਪਤੀ ਤੋਂ ਆਗਿਆ ਲੈਣ ਦੀ ਲੋੜ ਨਹੀਂ। ਇਹਨਾਂ ਉਪਰੋਕਤ ਗੱਲਾਂ ਤੋਂ ਇਲਾਵਾ ਕਿਸੇ ਹੋਰ ਗੱਲ ਸਬੰਧੀ ਘਰੋਂ ਬਾਹਰ ਨਿਕਲਣਾ ਮੁਨਾਸਿਬ ਨਹੀਂ। (ਫ਼ਤਾਬਾ ਕਾਜ਼ੀ ਖ਼ਾਨ, ਜਿਲਦ ਪਹਿਲੀ ਪੰਨਾ 443)

ਮੰਗਣਾ (ਸਗਾਈ)

ਇਸਲਾਮੀ ਕਾਨੂੰਨ ਅਨੁਸਾਰ ਇਹ ਵਧੇਰੇ ਚੰਗੀ ਗੱਲ ਹੈ ਕਿ ਜਦੋਂ ਕਿਸੇ ਦਾ ਮੰਗਣਾ ਹੋ ਰਿਹਾ ਹੋਵੇ ਤਾਂ ਆਉਣ ਵਾਲੀ ਪਤਨੀ ਨੂੰ ਪਹਿਲਾਂ ਵੇਖ ਲਿਆ ਜਾਵੇ। ਹਜ਼ਰਤ ਮੁਹੰਮਦ ਸਾਹਿਬ ਫ਼ਰਮਾਉਂਦੇ ਹਨ ਕਿ ਚਾਰ ਖੂਬੀਆਂ ਵਿੱਚੋਂ ਕਿਸੇ ਨਾ ਕਿਸੇ ਖੂਬੀ ਦੇ ਆਧਾਰ 'ਤੇ ਮਰਦ ਨੂੰ ਔਰਤ ਨਾਲ ਨਿਕਾਹ ਕਰ ਲੈਣਾ ਚਾਹੀਦਾ ਹੈ ਜਿਵੇਂ ਹੁਸਨ। ਖੂਬਸੂਰਤੀ, ਮਾਲ-ਦੌਲਤ, ਖ਼ਾਨਦਾਨੀ ਇੱਜ਼ਤ-ਆਬਰੂ, ਦੀਨ 'ਚ ਪਰਪੱਕਤਾ ਅਤੇ ਚੰਗਾ ਵਿਵਹਾਰ।

(1) ਆਪ ਨੇ ਫ਼ਰਮਾਇਆ ਕਿ ਤੁਸੀਂ ਦੀਨਦਾਰ ਔਰਤ ਨਾਲ ਸ਼ਾਦੀ ਕਰੋ ਤਾਂ ਜੋ ਤੁਸੀਂ ਭਲਾਈ ਤੋਂ ਵਾਂਝੇ ਨਾ ਰਹਿ ਜਾਵੋ।

(2) ਸਾਰੀ ਦੁਨੀਆ ਮਾਲ-ਦੌਲਤ ਨਾਲ ਸਜੀ ਹੋਈ ਹੈ ਜਿਸ ਦੀ ਲੱਜ਼ਤ ਬਹੁਤ ਛੇਤੀ ਖ਼ਤਮ ਹੋਣ ਵਾਲੀ ਹੈ। ਦੁਨੀਆ ਦੀ ਸਭ ਤੋਂ ਵਧੀਆ ਦੌਲਤ ਨੇਕ ਅਤੇ ਰੱਬ ਤੋਂ ਡਰਨ ਵਾਲੀ ਪਤਨੀ ਹੈ।

124-ਇਸਲਾਮ ਵਿਚ ਔਰਤ ਦਾ ਸਥਾਨ