ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/113

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੱਕਾਂ ਅਤੇ ਸਹੂਲਤਾਂ ਨਾਲ ਨਵਾਜ਼ਿਆ ਗਿਆ। ਹਜ਼ਰਤ ਅਬਦੁੱਲਾਹ ਇਬਨ-ਏ-ਉਮਰ ਰਜ਼ੀ. ਫ਼ਰਮਾਉਂਦੇ ਹਨ ਕਿ ਨਬੀ-ਏ-ਕਰੀਮ (ਸ.) ਦੇ ਜ਼ਮਾਨੇ ਵਿਚ ਅਸੀਂ ਆਪਣੀਆਂ ਔਰਤਾਂ ਨਾਲ ਗੱਲਬਾਤ ਕਰਦੇ ਬਗੈਰ ਸੋਚੇ-ਸਮਝੇ ਬੋਲਦਿਆਂ ਡਰਿਆ ਕਰਦੇ ਸੀ ਕਿ ਕਿਤੇ ਸਾਡੇ ਸਬੰਧੀ ਕੋਈ ਹੁਕਮ ਨਾ ਨਾਜ਼ਿਲ ਹੋ ਜਾਵੇ। ਜਦੋਂ ਆਪ (ਸ.) ਇਸ ਦੁਨੀਆ ਤੋਂ ਪਰਦਾ ਫ਼ਰਮਾ ਗਏ ਤਾਂ ਅਸੀਂ ਉਹਨਾਂ ਨਾਲ ਬਗ਼ੈਰ ਝਿਜਕ ਬੋਲਣ ਲੱਗੇ।'

ਔਰਤ ਦੀ ਮਰਜ਼ੀ ਇਸਲਾਮ ਦੀ ਨਜ਼ਰ 'ਚ

ਹਜ਼ਰਤ ਖ਼ਨ ਬਿਨਤ ਜ਼ਜ਼ਾਮ ਤੋਂ ਰਵਾਇਤ ਹੈ ਕਿ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਦਾ ਨਿਕਾਹ ਉਹਨਾਂ ਦੀ ਮਰਜ਼ੀ ਦੇ ਖ਼ਿਲਾਫ਼ ਇੱਕ ਅਜਿਹੇ ਆਦਮੀ ਨਾਲ ਕਰ ਦਿੱਤਾ ਸੀ ਜਿਸ ਨੂੰ ਉਹ ਪਹਿਲਾਂ ਤੋਂ ਜਾਣਦੀ ਅਤੇ ਨਾ-ਪਸੰਦ ਕਰਦੀ ਸੀ।ਉਹ ਹਜ਼ੂਰ (ਸ.) ਦੀ ਸੇਵਾ ਵਿਚ ਹਾਜ਼ਰ ਹੋਈ ਅਤੇ ਅਰਜ਼ ਕੀਤੀ, 'ਐ ਅੱਲਾਹ ਦੇ ਨਬੀ ਮੇਰਾ ਨਿਕਾਹ ਤੋੜ ਦਿੱਤਾ ਜਾਵੇ।' ਹਜ਼ੂਰ (ਸ.) ਨੇ ਉਸ ਦੀ ਇਹ ਬੇਨਤੀ ਸੁਣੀ ਅਤੇ ਉਸ ਦਾ ਨਿਕਾਹ ਤੋੜ ਦਿੱਤਾ।

(ਸਹੀ ਬੁਖ਼ਾਰੀ, ਸਹੀ ਮੁਸਲਿਮ ਅਤੇ ਨਿਸਾਈ)

ਹਜ਼ਰਤ ਮੁਹਾਜਿਰ ਬਿਨ ਅਕਰਮਾ (ਰਜ਼ੀ.) ਦੀ ਜ਼ੁਬਾਨੀ ਇਹ ਰਵਾਇਤ ਹੈ ਕਿ ਇਕ ਕੁਆਰੀ ਕੁੜੀ ਦਾ ਨਿਕਾਹ ਉਸ ਦੇ ਪਿਤਾ ਜੀ ਨੇ ਅਜਿਹੀ ਹਾਲਤ ਵਿਚ ਕਰ ਦਿੱਤਾ ਕਿ ਉਹਇਸ ਨਿਕਾਹ ਕਰਨ ਲਈ ਰਾਜ਼ੀ ਨਹੀਂ ਸੀ। ਉਸ ਨੇ ਹਜ਼ੂਰ (ਸ.) ਦੀ ਖ਼ਿਦਮਤ ਵਿਚ ਅਰਜ਼ ਕੀਤੀ ਤਾਂ ਹਜ਼ੂਰ (ਸ.) ਨੇ ਇਸ ਸਬੰਧੀ (ਉਸ ਨੂੰ) ਆਪਣੀ ਮਰਜ਼ੀ ਦਾ ਅਖ਼ਤਿਆਰ ਦੇ ਦਿੱਤਾ।

ਇਕ ਕੁਆਰੀ ਔਰਤ ਹਜ਼ੂਰ (ਸ.) ਦੀ ਖ਼ਿਦਮਤ 'ਚ ਹਾਜ਼ਰ ਹੋਈ ਅਤੇ ਅਰਜ਼ ਕੀਤੀ 'ਐ ਅੱਲਾਹ ਦੇ ਰਸੂਲ! ਮੇਰੇ ਮਾਤਾ-ਪਿਤਾ ਨੇ ਆਪਣੀ ਆਰਥਿਕ ਹਾਲਤ ਨੂੰ ਦਰੁਸਤ ਕਰਨ ਦੇ ਲਈ ਮੇਰਾ ਨਿਕਾਹ ਮੇਰੀ ਮਰਜ਼ੀ ਦੇ ਬਗੈਰ ਆਪਣੇ ਭਤੀਜੇ ਦੇ ਨਾਲ ਕਰ ਦਿੱਤਾ ਹੈ। ਕੀ ਇਸ ਸੰਬੰਧੀ ਮੈਨੂੰ ਕੁੱਝ ਅਰਜ਼ ਕਰਨ ਦਾ ਇਖਤਿਆਰ ਹੈ?

ਹਜ਼ੂਰ (ਸ.) ਨੇ ਫ਼ਰਮਾਇਆ, ਹਾਂ।

ਉਸ ਨੇ ਅਰਜ਼ ਕੀਤੀ ਕਿ ਅੱਲਾਹ ਦੇ ਨਬੀ! ਮੈਂ ਨਹੀਂ ਚਾਹੁੰਦੀ ਕਿ ਮੇਰੇ ਮਾਤਾ-ਪਿਤਾ ਜੀ ਦੇ ਕੀਤੇ ਹੋਏ ਕੰਮ ਨੂੰ ਨਾ-ਮਨਜ਼ੂਰ ਕਰਾਂ ਪਰੰਤੂ ਮੇਰੀ ਤਾਂ ਸਿਰਫ਼ ਇਹ ਇੱਛਾ ਸੀ ਕਿ ਮੈਨੂੰ ਪਤਾ ਚੱਲ ਜਾਵੇ ਕਿ ਕੀ ਔਰਤਾਂ ਨੂੰ ਵੀ ਇਸ ਸੰਬੰਧੀ ਕੋਈ ਇਖ਼ਤਿਆਰ ਹੈ ਜਾਂ ਨਹੀਂ?'

113-ਇਸਲਾਮ ਵਿਚ ਔਰਤ ਦਾ ਸਥਾਨ