ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/107

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ੁਬਾਨੀ ਵਾਅਦਾ ਕਰਵਾਇਆ ਕਰਦੇ ਸਨ। ਜਦੋਂ ਉਹ ਵਾਅਦਾ ਕਰ ਲੈਂਦੀਆ ਸਨ ਤਾਂ ਆਪ ਫ਼ਰਮਾਉਂਦੇ ਜਾਓ ਤੁਹਾਡੀ ਬੈਅਤ ਹੋ ਗਈ ਹੈ। (ਅਬੂ ਦਾਊਦ)

ਆਪ (ਸ.) ਨੇ ਔਰਤ ਨੂੰ ਮਹਿਰਮ ਤੋਂ ਬਗ਼ੈਰ ਇਕੱਲਿਆਂ ਜਾਂ ਗ਼ੈਰ ਮਹਿਰਮ ਨਾਲ ਸਫ਼ਰ ਕਰਨ ਨੂੰ ਸਖ਼ਤੀ ਨਾਲ ਮਨ੍ਹਾਂ ਫ਼ਰਮਾਇਆ ਹੈ। ਬੁਖ਼ਾਰੀ ਅਤੇ ਮਸਲਿਮ ਸ਼ਰੀਫ਼ ਵਿਚ ਇਬਨ-ਏ-ਅੱਬਾਸ ਤੋਂ ਰਵਾਇਤ ਹੈ ਕਿ ਹਜ਼ੂਰ (ਸ.) ਨੇ ਸੰਬੋਧਨ ਕਰਦਿਆਂ ਫ਼ਰਮਾਇਆ ਕਿ ਕੋਈ ਮਰਦ ਕਿਸੇ ਔਰਤ ਨੂੰ ਇਕਾਂਤ ਵਿਚ ਨਾ ਮਿਲੇ। ਜਦੋਂ ਤੱਕ ਉਸ ਦੇ ਨਾਲ ਉਸ ਦਾ ਮਹਿਰਮ ਨਾ ਹੋਵੇ ਅਤੇ ਕੋਈ ਔਰਤ ਸਫ਼ਰ ਨਾ ਕਰੇ। ਇਕ ਆਦਮੀ ਉੱਠਿਆ ਅਤੇ ਅਰਜ਼ ਕੀਤੀ, ਮੇਰੀ ਪਤਨੀ ਹੱਜ ਨੂੰ ਜਾ ਰਹੀ ਹੈ ਅਤੇ ਮੇਰਾ ਨਾਂ ਫ਼ੁਲਾਣੀ ਲੜਾਈ ਵਿਚ ਜਾਣ ਲਈ ਲਿਖਿਆ ਜਾ ਚੁੱਕਿਆ ਹੈ। ਆਪ ਨੇ ਫ਼ਰਮਾਇਆ, ਚੰਗਾ ਤੁਸੀਂ ਆਪਣੀ ਪਤਨੀ ਨਾਲ ਹੱਜ ਲਈ ਚਲੇ ਜਾਓ।

ਇਸਲਾਮ ਨੇ ਜਦੋਂ ਹੱਜ ਵਰਗਾ ਅਹਿਮ ਫ਼ਰੀਜ਼ਾ ਅਦਾ ਕਰਨ ਲਈ ਵੀ ਮਹਿਰਮ ਦਾ ਹੋਣਾ ਸ਼ਹਤ ਦੱਸਿਆ ਹੈ ਅਤੇ ਇਕੱਲਿਆਂ ਸਫ਼ਰ ਕਰਨ ਨੂੰ ਮਨ੍ਹਾਂ ਫ਼ਰਮਾਇਆ ਹੈ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਸਮਾਜ ਨੂੰ ਸਾਫ਼-ਸੁਥਰਾ ਰੱਖਣ ਅਤੇ ਪਾਕੀਜ਼ਾ ਮਾਹੌਲ ਬਨਾਉਣ ਲਈ ਔਰਤ ਦਾ ਅਹਿਮ ਰੋਲ ਹੈ।

ਉੰਮੇ ਹਮੀਦ ਸਾਅਦੀਆ ਕਹਿੰਦੀਆਂ ਹਨ ਕਿ ਮੈਂ ਅਰਜ਼ ਕੀਤੀ ਕਿ ਐ ਅੱਲਾਹ ਦੇ ਰਸੂਲ (ਸ.) ਮੇਰਾ ਦਿਲ ਤੁਹਾਡੇ ਪਿੱਛੇ ਨਮਾਜ਼ ਪੜ੍ਹਨ ਲਈ ਕਰਦਾ ਹੈ। ਫ਼ਰਮਾਇਆ, ਤੁਹਾਡਾ ਆਪਣੇ ਕਮਰੇ ਵਿਚ ਨਮਾਜ਼ ਪੜ੍ਹਨਾ ਬ੍ਰਾਂਡੇ ਨਾਲੋਂ ਚੰਗਾ ਹੈ, ਤੁਹਾਡਾ ਆਪਣੇ ਘਰ ਵਿਚ ਨਮਾਜ਼ ਪੜ੍ਹਨਾ ਆਪਣੇ ਮੁਹੱਲੇ ਦੀ ਮਸਜਿਦ ਵਿਚ ਨਮਾਜ਼ ਪੜ੍ਹਨ ਨਾਲੋਂ ਵਧੀਆ ਹੈ।(ਅਹਿਮਦ, ਤਿਬਰਾਨੀ)

ਇਸਲਾਮ ਵਿਚ ਮਰਦ ਔਰਤਾਂ ਦੇ ਨਾ ਕਿਸੇ ਮਿਲੇ-ਜੁਲੇ ਪ੍ਰੋਗਰਾਮ ਦੀ ਗੁੰਜਾਇਸ਼ ਹੈ ਅਤੇ ਨਾ ਮਿਲੀ-ਜੁਲੀ ਵਿਦਿਆ ਦੀ। ਇਸੇ ਤਰ੍ਹਾਂ ਇਕ ਮੁਸਲਮਾਨ ਔਰਤ ਕਿਸੇ ਅਜਨਬੀ ਆਦਮੀ ਦੇ ਨਾਲ ਨਾ ਕੋਈ ਫ਼ੌਜੀ ਟਰੇਨਿੰਗ ਅਤੇ ਨਾ ਫ਼ੌਜੀ ਮਸ਼ਕ ਕਰਨ, ਖੇਡਣ, ਭੱਜਣ, ਸੈਰ-ਸਪਾਟਾ, ਮੰਡੀ ਬਜ਼ਾਰ ਤੋਂ ਲੈ ਕੇ ਐਸੰਬਲੀ ਹਾਲ ਤੱਕ ਕਿਸੇ ਵੀ ਸਥਾਨ ਤੇ ਦੋਵਾਂ ਦਾ ਮਿਲਣਾ-ਜੁਲਣਾ, ਆਉਣਾ-ਜਾਣਾ ਖ਼ਤਰੇ ਦੀ ਘੰਟੀ ਹੈ।

ਇਸਲਾਮ ਮੀਆਂ-ਬੀਵੀ ਦੇ ਸਬੰਧਾਂ ਨੂੰ ਬਹੁਤ ਮਜ਼ਬੂਤ ਵੇਖਣਾ ਚਾਹੁੰਦਾ ਹੈ ਪਰੰਤੂ ਇਹ ਰਿਸ਼ਤਾ ਏਨਾ ਨਾਜ਼ੁਕ ਹੈ ਕਿ ਰਤਾ ਕੁ ਧੱਕੇ ਨਾਲ ਟੁੱਟ ਵੀ ਜਾਂਦਾ ਹੈ। ਸ਼ਰੀਫ਼ ਅਤੇ ਗ਼ੈਰਤਮੰਦ ਆਦਮੀ ਇਸ ਗੱਲ ਨੂੰ ਪਸੰਦ ਨਹੀਂ ਕਰਦਾ ਕਿ ਉਸ

107-ਇਸਲਾਮ ਵਿਚ ਔਰਤ ਦਾ ਸਥਾਨ