ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/106

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪ ਦਾ ਫ਼ਰਮਾਨ ਹੈ ਕਿ ਖ਼ੁਸ਼ਬੂ ਲਗਾ ਕੇ ਬਾਹਰ ਨਾ ਨਿਕਲਿਆ ਕਰੋ। ਆਪ ਨੇ ਫ਼ਰਮਾਇਆ ਕਿ ਜਿੱਥੇ ਉਸ ਦੇ ਦਿਉਰ, ਜੇਠ, ਭਣੋਈਆ, ਚਚੇਰਾ ਭਰਾ, ਮਾਮੇ ਦਾ ਪੁੱਤਰ, ਭੂਆ ਦਾ ਪੁੱਤਰ, ਮਾਸੀ ਦਾ ਪੁੱਤਰ ਆਉਂਦੇ ਜਾਂਦੇ ਹੋਣ (ਅਜਿਹੇ ਮੌਕਿਆਂ 'ਤੇ) ਇਤਰ ਲਾਉਣਾ ਅਤੇ ਮੇਕਅਪ ਕਰਨਾ ਮਨ੍ਹਾਂ ਹੈ। ਆਪ ਦਾ ਫ਼ਰਮਾਨ ਹੈ ਕਿ ਜਿੱਥੇ ਇਕਾਂਤ ਵਿਚ ਦੋ ਨਾ-ਮਹਿਰਮ ਮਰਦ ਔਰਤ ਇਕੱਠੇ ਹੋਣ ਉੱਥੇ ਤੀਜਾ ਸ਼ੈਤਾਨ ਹੁੰਦਾ ਹੈ। ਇਕ ਥਾਂ ਆਪ ਦਾ ਇਹ ਵੀ ਫ਼ਰਮਾਨ ਹੈ ਕਿ ਪਤੀ ਦੇ ਰਿਸ਼ਤੇਦਾਰਾਂ ਤੋਂ ਏਨਾ ਸਖ਼ਤ ਪਰਦਾ ਕਰੋ ਅਤੇ ਏਨਾ ਡਰੋ ਜਿਵੇਂ ਮੌਤ ਤੋਂ ਡਰਦੇ ਹੋ।

ਇਸ ਦਾ ਵੱਡਾ ਕਾਰਨ ਇਹ ਹੈ ਕਿ ਅਜਿਹੇ ਰਿਸ਼ਤਿਆਂ ਵਿਚ ਇਨਸਾਨ ਅਣਗੌਲਿਆਂ ਕਰ ਦਿੰਦਾ ਹੈ ਕਿ ਇਹ ਆਮ ਰਿਸ਼ਤੇਦਾਰ ਹਨ, ਦਿਲ ਵਿਚ ਰਤਾ ਕੁ ਵੀ ਸ਼ੰਕਾ ਨਹੀਂ ਆਉਂਦਾ। ਅਕਸਰ ਵੇਖਦੇ ਹਾਂ ਕਿ ਫ਼ਲਾਣਾ ਆਇਆ ਤੇ ਗਿਆ। ਇਹ ਆਪਣਾ ਰਿਸ਼ਤੇਦਾਰ ਹੈ। ਇਸ ਸਬੰਧੀ ਖ਼ਤਰੇ ਦੀ ਕਿਹੜੀ ਗੱਲ ਹੈ? ਇਹ ਤਾਂ ਦਿਉਰ, ਮਾਮੇ ਦਾ ਪੁੱਤਰ, ਚਾਚੇ ਦਾ ਪੁੱਤਰ, ਭੂਆ ਦਾ ਪੁੱਤਰ ਹੈ। ਕਈ ਬਾਰੀ ਇਹ ਹੱਦਾਂ ਏਨੀਆਂ ਟੱਪ ਜਾਂਦੇ ਹਨ ਕਿ ਪਾਪਾਂ ਦੇ ਘੇਰੇ ਵਿਚ ਘਿਰ ਜਾਂਦੇ ਹਨ ਜਿਸ ਨਾਲ ਸਮਾਜ ਵਿਚ ਬੁਰਾਈ ਫੈਲਦੀ ਹੈ। ਘਰ ਬਰਬਾਦ ਹੋ ਜਾਂਦੇ ਹਨ। ਲੜਾਈ ਝਗੜਿਆਂ ਦੀ ਨੌਬਤ ਆ ਜਾਂਦੀ ਹੈ। ਅਜੋਕੇ ਦੌਰ ਵਿਚ ਮਾਪਿਆਂ ਲਈ ਜ਼ਰੂਰੀ ਹੈ ਕਿ ਉਹ ਆਜ਼ਾਦ ਸਮਾਜ 'ਚ ਇਹਨਾਂ ਪਾਬੰਦੀਆਂ 'ਤੇ ਅਮਲ ਕਰਨ।

ਹਜ਼ਰਤ ਜਾਬਿਰ ਬਿਨ ਅਬਦੁੱਲਾਹ (ਰਜ਼ੀ.) ਦੀ ਰਵਾਇਤ ਹੈ ਕਿ ਆਪ (ਸ.) ਨੇ ਫ਼ਰਮਾਇਆ ਕਿ ਜਿਹੜੀਆਂ ਔਰਤਾਂ ਦੇ ਪਤੀ ਬਾਹਰ ਗਏ ਹੋਏ ਹੋਣ ਉਹਨਾਂ ਦੇ ਕੋਲ ਨਾ ਜਾਓ ਕਿਉਂਕਿ ਸ਼ੈਤਾਨ ਤੁਹਾਡੇ ਹਰੇਕ 'ਚ ਲਹੂ ਵਾਂਗ ਗਰਦਿਸ਼ ਕਰ ਰਿਹਾ ਹੈ।

(ਤਿਰਮਜ਼ੀ)

ਆਪ (ਸ.) ਨੇ ਇਸ ਗੱਲ ਨੂੰ ਵੀ ਜਾਇਜ਼ ਨਹੀਂ ਠਹਿਰਾਇਆ ਕਿ ਕਿਸੇ ਮਰਦ ਦਾ ਹੱਥ ਕਿਸੇ ਗ਼ੈਰ ਮਹਿਰਮ ਔਰਤ ਦੇ ਸਰੀਰ ਨੂੰ ਲੱਗੇ। ਇਸੇ ਕਰਕੇ ਆਪ (ਸ.) ਮਰਦਾਂ ਨੂੰ ਬੈਅਤ (ਕਿਸੇ ਦੇ ਹੱਥ ਵਿਕ ਜਾਣਾ) ਕਰਦੇ ਸਮੇਂ ਹੱਥ ਵਿਚ ਹੱਥ ਲੈ ਕੇ ਕਰਦੇ ਸਨ ਪਰੰਤੂ ਔਰਤਾਂ ਨੂੰ ਬੈਅਤ ਕਰਨ ਦਾ ਇਹ ਤਰੀਕਾ ਆਪ (ਸ.) ਨੇ ਕਦੀ ਅਖ਼ਤਿਆਰ ਨਹੀਂ ਫ਼ਰਮਾਇਆ।

ਹਜ਼ਰਤ ਆਇਸ਼ਾ (ਰਜ਼ੀ.) ਫ਼ਰਮਾਉਂਦੀਆਂ ਹਨ ਨਬੀ (ਸ.) ਦਾ ਹੱਥ ਕਦੀ ਵੀ ਕਿਸੇ ਗੈਰ ਔਰਤ ਦੇ ਸਰੀਰ ਨੂੰ ਨਹੀਂ ਲੱਗਿਆ। ਆਪ ਔਰਤ ਤੋਂ ਸਿਰਫ਼

106-ਇਸਲਾਮ ਵਿਚ ਔਰਤ ਦਾ ਸਥਾਨ