ਪੰਨਾ:ਇਨਕਲਾਬ ਦੀ ਰਾਹ.pdf/84

ਇਹ ਸਫ਼ਾ ਪ੍ਰਮਾਣਿਤ ਹੈ

ਇਹ ਬੂਟੀਆਂ ਹਰੀਆਂ ਹਰੀਆਂ।

ਇਹ ਸ਼ੀਸ਼ੇ ਉਤਰੀਆਂ ਪਰੀਆਂ।

ਅੱਖ ਵੇਖੇ, ਤੇ ਦਿਲ ਪੁੱਛੇ,

ਇਹ ਕੀਕਣ ਜੀਵਣ ਜਲ ਵਿਚ?

ਨਿਤ ਹੁਸਨ ਲਵੇ ਅੰਗੜਾਈਆਂ,

ਕਸ਼ਮੀਰਾ!

ਤੇਰੇ ਡਲ ਵਿਚ।


ਇਹ ਕੰਵਲ ਨਹੀਂ ਮਤਵਾਲੇ।

ਮਸਤਾਂ ਹਥ ਸਖਣੇ ਪਿਆਲੇ।

ਜਾਂ ਕੰਬਦੀਆਂ ਸੋਹਲ ਕਲਾਈਆਂ,

ਪੈਣਾ ਚਾਹਣ ਕਿਸੇ ਦੇ ਗਲ ਵਿਚ।

ਨਿਤ ਹੁਸਨ ਲਵੇ ਅੰਗੜਾਈਆਂ,

ਕਸ਼ਮੀਰਾ!

ਤੇਰੇ ਡਲ ਵਿਚ।


ਕਿਸੇ ਮਸਤੀ - ਵੰਡਦੇ ਸਾਕੀ,

ਇਕ ਫੂੂੰਹ ਨਹੀਂ ਰੱਖੀ ਬਾਕੀ,

ਕੁਝ ਪਈ ਕੰਵਲ ਦੇ ਪਿਆਲੇ,

ਕੁਝ ਛਲਕ ਕੇ ਪੈ ਗਈ ਡਲ ਵਿਚ।

ਨਿਤ ਹੁਸਨ ਲਵੇ ਅੰਗੜਾਈਆਂ,

ਕਸ਼ਮੀਰਾ!

ਤੇਰੇ ਡਲ ਵਿਚ।

੭੮