ਪੰਨਾ:ਇਨਕਲਾਬ ਦੀ ਰਾਹ.pdf/55

ਇਹ ਸਫ਼ਾ ਪ੍ਰਮਾਣਿਤ ਹੈ


ਮੇਰੀ ਦਰਦ ਕਹਾਣੀ ਓਹੀ।

ਤੇਰੀ ਬਾਣ ਪੁਰਾਣੀ ਓਹੀ।

ਮੇਰੀ ਦਿਲ ਦੀ ਹਸਰਤ ਤੋਂ ਤੂੰ,

ਹੁਣ ਤਕ ਹੈਂ ਅਨ-ਭੋਲ।

ਸ਼ਿਕਾਰੀ!

ਹੁਣ ਤਾਂ ਪਿੰਜਰਾ ਖੋਹਲ।


ਤੂੰ ਇਕ ਉਹੀਓ ਨੱਨਾ ਫੜਿਐ।

ਦਿਲ ਤੇਰਾ ਪੱਥਰ ਦਾ ਘੜਿਐ?

ਮੇਰਾ ਜਜ਼ਬਾ, ਮੇਰੀ ਹਸਰਤ,

ਪੈਰਾਂ ਹੇਠ ਨਾ ਰੋਲ।

ਸ਼ਿਕਾਰੀ!

ਹੁਣ ਤਾਂ ਪਿੰਜਰਾ ਖੋਹਲ।


ਓਹੀ ਤੇਰੇ ਮੱਥੇ ਘੂਰੀ।

ਓਹੀ ਤੇਰੀ "ਜੂਠੀ-ਚੂਰੀ",

ਓਹੀ ਤੇਰੇ ਫਿੱਕੇ ਲਾਰੇ,

ਉਹੀ ਬੇ-ਹਰਕਤ ਬੋਲ।

ਸ਼ਿਕਾਰੀ!

ਹੁਣ ਤਾਂ ਪਿੰਜਰਾ ਖੋਹਲ।

੪੯