ਪੰਨਾ:ਇਨਕਲਾਬ ਦੀ ਰਾਹ.pdf/49

ਇਹ ਸਫ਼ਾ ਪ੍ਰਮਾਣਿਤ ਹੈ


ਮੋਇਆਂ ਦੇ ਰੋਜ਼ ਚੌਥੇ, ਕਿਰਿਆ ਤੇ ਫਿਰ ਵਰ੍ਹੀਣੇ।
ਤੇ ਜੀਊਂਦਿਆਂ ਦੀ ਮਿਟੀ ਨਿੱਤ ਖ਼੍ਵਾਰ ਵੇਖਦਾ ਹਾਂ।

ਜ਼ਾਹਿਦ ਦੇ ਪੋਟਿਆਂ ਤੇ, ਨਿੱਤ ਵੇਖਦਾ ਹਾਂ ਮਹਿੰਦੀ।
ਮਜ਼ਦੂਰ ਦੀ ਤਲੀ ਤੇ ਅੰਗਿਆਰ ਵੇਖਦਾ ਹਾਂ।

ਰਾਹ ਜਾਂਦਿਆਂ ਦੀ ਜਿਹੜੇ ਪਗੜੀ ਉਛਾਲਦੇ ਨੇ।
ਹੋਂਦਾ ਉਨ੍ਹਾਂ ਦਾ ਆਦਰ ਸਤਕਾਰ ਵੇਖਦਾ ਹਾਂ।

ਹਰ ਚੋਰ ਤੇ ਉਚੱਕਾ, ਅਜ ਚੌਧਰੀ ਹੈ ਬਣਿਆਂ।
ਜੋ ਪੈਂਚ ਵੇਖਦਾ ਹਾਂ, ਮੱਕਾਰ ਵੇਖਦਾ ਹਾਂ।

ਅੱਗਾਂ, ਫ਼ਸਾਦ, ਛੁਰੀਆਂ, ਝਟਕੇ ਹਲਾਲ ਉਤੋਂ,
ਮੈਂ ਜ਼ਿੰਦਗੀ ਦੇ ਉਲਟੇ ਮਈਆਰ ਵੇਖਦਾ ਹਾਂ।

ਜਿਸ ਇਨਕਲਾਬ ਦੇ ਮੈਂ ਕਲ ਖ਼ਾਬ ਵੇਖਦਾ ਸਾਂ।
ਉਸ ਇਨਕਲਾਬ ਦੇ ਅਜ ਆਸਾਰ ਵੇਖਦਾ ਹਾਂ।

ਮੈਂ ਜੰਨਤਾਂ ਦੇ ਸੁਪਨੇ, ਹੂਰਾਂ ਦੇ ਖ਼ਾਬ ਛੱਡੇ।
ਸੰਸਾਰ ਵਿਚ ਮੈਂ ਆਇਆਂ, ਸੰਸਾਰ ਵੇਖਦਾ ਹਾਂ।

੪੩