ਪੰਨਾ:ਇਨਕਲਾਬ ਦੀ ਰਾਹ.pdf/48

ਇਹ ਸਫ਼ਾ ਪ੍ਰਮਾਣਿਤ ਹੈ

ਦੁਨੀਆਂ ਦੀ ਹੂਰ ਮਾੜੀ? ਜੰਨਤ ਦੀ ਹੂਰ ਚੰਗੀ,
ਜ਼ਾਹਿਦ ਦਾ ਕੁਝ ਅਜਬ ਹੀ ਤਕਰਾਰ ਵੇਖਦਾ ਹਾਂ।

ਮੁੱਲਾਂ, ਤੇ ਬਾਹਮਣਾਂ ਵਿਚ ਨਿੱਤ ਖ਼ਾਰ ਵੇਖਦਾ ਹਾਂ।
ਮਾਲਾ ਤੇ ਤਸਬੀਆਂ ਵਿਚ ਤਕਰਾਰ ਵੇਖਦਾ ਹਾਂ।

ਘਰ ਘਰ 'ਚ ਟਾਕਰਾ ਹੈ ਸੰਧਿਆ ਤੇ ਸਿਨਮਿਆਂ ਦਾ।
ਤਸਬੀ ਦੇ ਨਾਲ ਲੜਦੀ ਅਖ਼ਬਾਰ ਵੇਖਦਾ ਹਾਂ।

ਰਬ ਨੂੰ ਮੈਂ ਮੰਦਰਾਂ ਵਿਚ 'ਪਾਬੰਦ' ਵੇਖਦਾ ਹਾਂ।
ਮਜ਼੍ਹਬ ਨੂੰ ਹਰਇਕ ਦੰਗੇ ਵਿਚਕਾਰ ਵੇਖਦਾ ਹਾਂ।

ਮੁਨਕਰ ਨੂੰ ਨਕਦ ਜੰਨਤ, ਹੂਰਾਂ ਤੇ ਹੋਰ ਸਭ ਕੁਝ।
ਵਾਹਿਜ਼ ਨੂੰ ਨਿਰੇ ਫੋਕੇ ਇਕਰਾਰ ਵੇਖਦਾ ਹਾਂ।

ਇਹ ਹੋਰ ਗਲ ਹੈ ਤਕਾਂ ਜੀਭੋਂ ਨਾ ਕੁਝ ਕਹਾਂ ਮੈਂ।
ਅੰਨ੍ਹਾਂ ਨਹੀਂ ਹਾਂ ਪਰ ਮੈਂ ਸਰਕਾਰ! ਵੇਖਦਾ ਹਾਂ।

ਪੀਰਾਂ ਦੇ ਮਹਿਲਾਂ ਅੰਦਰ, ਹੀਟਰ ਭਖੇ ਹੋਇ ਨੇ।
ਝੁੱਗੀ ਮੁਰੀਦ ਦੀ ਵਿਚ ਨਿੱਤ ਠਾਰ ਵੇਖਦਾ ਹਾਂ।

ਭਗਤਾਂ ਦੇ ਪੈਰ ਨੰਗੇ, ਪਾੜੇ ਬਿਆਈਆਂ ਨੇ।
ਗੁਰੂਆਂ ਦੇ ਘਰ ਖਲੋਤੀ ਮੈਂ ਕਾਰ ਵੇਖਦਾ ਹਾਂ।

੪੨