ਪੰਨਾ:ਇਨਕਲਾਬ ਦੀ ਰਾਹ.pdf/47

ਇਹ ਸਫ਼ਾ ਪ੍ਰਮਾਣਿਤ ਹੈ

ਡੁੱਬੇ ਸੀ ਹੋਠ ਜਿਹੜੇ, ਸ਼ਾਮੀਂ ਪਿਆਲਿਆਂ ਵਿਚ।
ਸਰਘੀ ਉਨ੍ਹਾਂ ਤੇ, ਪੀਣੋਂ ਇਨਕਾਰ ਵੇਖਦਾ ਹਾਂ।

ਮਜ਼ਦੂਰ, ਜੱਟ, ਕਾਮੇ ਨਿੱਤ ਕੱਟਦੇ ਨੇ ਫ਼ਾਕੇ।
'ਵਿਹਲੜ—ਪਖੰਡ' ਦਾ ਮੈਂ ਸਤਕਾਰ ਵੇਖਦਾ ਹਾਂ।

ਹੋਠਾਂ ਤੋਂ ਰੋਜ਼ ਸੁਣਨਾਂ "ਮਾਇਆ ਇਹ ਨਾਗਣੀ ਹੈ।"
ਰਚਿਆ ਦਿਲਾਂ 'ਚ ਇਹਦਾ ਪਰ ਪਿਆਰ ਵੇਖਦਾ ਹਾਂ।

ਮੁੱਲਾਂ ਹੁਰਾਂ ਨੂੰ ਸ਼ਾਮੀਂ ਨਿਤ ਵੇਖਦਾ ਹਾਂ ਠੇਕੇ।
ਤੜਕੇ ਉਨ੍ਹਾਂ ਨੂੰ ਮਸਜਿਦ ਵਿਚਕਾਰ ਵੇਖਦਾ ਹਾਂ।

ਖਹਿਬੜ ਮੈਂ ਰੋਜ਼ ਤਕਨਾਂ, ਮਜ਼੍ਹਬ ਤੇ ਜ਼ਿੰਦਗੀ ਦੀ।
ਇਕ ਛੇੜ-ਛਾੜ ਇਹਨਾਂ ਵਿਚਕਾਰ ਵੇਖਦਾ ਹਾਂ।

ਸਾਹੜੀ ਤੋਂ ਸਹਿਮੀ ਹੋਈ ਸਲਵਾਰ ਵੇਖਦਾ ਹਾਂ।
ਹੈਟਾਂ ਦੇ ਹੇਠ ਰੁਲਦੀ ਦਸਤਾਰ ਵੇਖਦਾ ਹਾਂ।

ਜਿਤਨਾ ਵੀ ਮੈਂ ਮਜ਼੍ਹਬ ਦਾ ਪਰਚਾਰ ਵੇਖਦਾ ਹਾਂ।
ਉਤਨਾਂ ਹੀ ਜ਼ਿੰਦਗੀ ਨੂੰ ਬੇਜ਼ਾਰ ਵੇਖਦਾ ਹਾਂ।

ਪੈਰਾਂ ਦੇ ਹੇਠ ਰੁਲਦਾ ਤਕਨਾਂ ਸ਼ਰਾਫ਼ਤਾਂ ਨੂੰ,
ਤੇ ਸ਼ੋਹਦਿਆਂ ਨੂੰ ਹਰ ਥਾਂ ਸਰਦਾਰ ਵੇਖਦਾ ਹਾਂ।

੪੧