ਪੰਨਾ:ਆਕਾਸ਼ ਉਡਾਰੀ.pdf/86

ਇਹ ਸਫ਼ਾ ਪ੍ਰਮਾਣਿਤ ਹੈ

ਹੋਰ ਕੰਮਾਂ ਵਾਲੇ ਭਾਵੇਂ ਕਿਡੇ ਹੀ ਅਮੀਰ ਹੋਣ,
ਕੰਮੀਆਂ ਦੇ ਵਿਚ ਸਭੇ ਹੋਂਵਦੇ ਸ਼ੁਮਾਰ ਨੇ।
ਫੱਤੂ ਓਏ! ਗਾਮਿਆ ਓ! ਕੰਮ ਕਰੀਂ ਆਹ ਮੇਰਾ,
ਪੂਰੇ ਨਾਂਵਾਂ ਨਾਲ ਵੀ ਨਾ ਹੋਂਵਦੀ ਪੁਕਾਰ ਨੇ।
ਬਾਬੂ ਜੀ ਤੇ ਚੌਧਰੀ ਜੀ ਆਉ ਸਰਦਾਰ ਜੀ,
ਨੌਕਰੀਆਂ ਵਾਲਿਆਂ ਦੇ ਹੁੰਦੇ ਸਤਿਕਾਰ ਨੇ।
ਚਾਲੀ ਮੇਰੀ ਗੱਲ ਮੈਂ ਤਾਂ ਦਾਹਵੇ ਨਾਲ ਆਖਨਾਂ ਵਾਂ,
ਨੌਕਰੀ ਦੇ ਬਾਝ ਹੋਰ ਕਾਰਾਂ ਹੀ ਬੇਕਾਰ ਨੇ।

ਮੀਆਂ ਮਿੱਠੂ ਹੋਰੀਂ ਅਜੇ ਸ਼ੇਖੀ ਪਏ ਸਾੜਦੇ ਸੀ,
ਸੁਣ ਲਈ ਗਲ ਕੋਲੋਂ ਲੰਘਦੇ ਲੁਹਾਰ ਨੇ।
ਬੋਲੀਆਂ ਟਣੋਕੇ ਜਦੋਂ ਸੁਣੇ ਉਸ ਬਾਬੂ ਜੀ ਦੇ,
ਤਤਾ ਹੋਇਆ ਡਾਢਾ ਜਿਵੇਂ ਤਪਦੇ ਅੰਗਾਰ ਨੇ।
ਲੋਹਾ-ਲਾਖਾ ਹੋਇ ਕੇ ਤੇ ਕਹਿਣ ਲਗਾ: ਬਾਬੂਆ ਵੋ,
ਲੋਹਾ ਮੇਰਾ ਮੰਨਿਆਂ ਹੈ ਸਾਰੇ ਸਸਾਰ ਨੇ।
ਤੇਰੇ ਜਿਹਾਂ ਲੱਖਾਂ ਤਾਈਂ ਨੱਕ 'ਚ ਨਕੇਲ ਪਾ ਕੇ,
ਵਸ ਵਿਚ ਕੀਤਾ ਮੇਰੀ ਬਣੀ ਤਲਵਾਰ ਨੇ।

ਮੇਰੇ ਕਾਰਖ਼ਾਨੇ ਅਗੇ ਸਾਰੀ ਸਾਰੀ ਰਾਤ ਤੋੜੀ,
ਤੇਰੇ ਜਿਹੇ ਲਖਾਂ ਖਲੇ ਰਹਿੰਦੇ ਪਹਿਰੇਦਾਰ ਨੇ।
ਮੇਰੀਆਂ ਬਣਾਈਆਂ ਹੋਈਆਂ ਮੋਟਰਾਂ ਤੇ ਗਡੀਆਂ ਨੇ,
ਮੇਰੇ ਹਥੋਂ ਬਣੀਆਂ ਮਸ਼ੀਨਾਂ ਬੇਸ਼ੁਮਾਰ ਨੇ।
ਜਿਨ੍ਹਾਂ ਦੇ ਹਿਸਾਬ ਲਈ ਬਾਬੂ ਬੇ-ਹਿਸਾਬ ਹੈਨ,
ਤੇਰੇ ਜੇਹੇ ਨੌਕਰ ਤੇ ਚਾਕਰ ਹਜ਼ਾਰ ਨੇ।

੯੨.