ਪੰਨਾ:ਆਕਾਸ਼ ਉਡਾਰੀ.pdf/120

ਇਹ ਸਫ਼ਾ ਪ੍ਰਮਾਣਿਤ ਹੈ

ਚੱਪੇ ਲਾ ਸਚਾਈ ਦੇ ਪਾਰ ਲਾਵੀਂ,
ਦੁਨੀਆਂ ਨਦੀ ਏ ਡੂੰਘੀ, ਅਥਾਹ ਸਮਝੀਂ।
ਅਪਣੀ ਇਸਤ੍ਰੀ ਤਾਈਂ ਵਜ਼ੀਰ ਸਮਝੀਂ,
ਅਪਣੇ ਆਪ ਤਾਈਂ ਪਾਤਸ਼ਾਹ ਸਮਝੀਂ।
ਹਰ ਇਕ ਗ੍ਰਹਿਸਤ ਦੇ ਮਾਮਲੇ ਵਿਚ,
ਲੈਣੀ ਏਸ ਦੀ ਵਾਜਬ ਸਲਾਹ ਸਮਝੀਂ।

ਰਖੀਂ ਏਸ ਦੇ ਨਾਲ ਪ੍ਰੇਮ, ਐਪਰ,
ਮਾਤਾ ਪਿਤਾ ਦੇ ਪਿਆਰ ਨੂੰ ਭੁੱਲਣਾ ਨਾ।
ਧੰਦੇ ਗ੍ਰਹਿਸਤ ਦੇ ਫੰਧੇ 'ਚ ਫਸ ਕੇ ਤੇ,
ਸਿਰਜਨਹਾਰ ਕਰਤਾਰ ਨੂੰ ਭੁਲਣਾ ਨਾ।

ਮਿੱਠਾ ਬੋਲਣਾ ਨਿਉਣਾ ਨਿਰਮਾਣ ਹੋ ਕੇ,
ਰਵ੍ਹੀਂ ਆਕੜ ਹੰਕਾਰ ਥੀਂ ਦੂਰ ਵੀਰਾ।
ਮਾਤਾ ਪਿਤਾ ਦੀ ਸੇਵਾ ਹਮੇਸ਼ ਕਰ ਕੇ,
ਲਵੀਂ ਸੇਵਾ ਦਾ ਮੇਵਾ ਜ਼ਰੂਰ ਵੀਰਾ।
ਭੈੜੇ ਵਿਸ਼ੇ ਵਿਕਾਰਾਂ ਨੂੰ ਮਾਰ ਠੁੱਡੇ,
ਕਰੀਂ ਏਨ੍ਹਾਂ ਨੂੰ ਚਕਨਾ- ਚੂਰ ਵੀਰਾ।
ਸੇਹਰਾ ਲਿਖਿਆ ਨਾਲ ਪ੍ਰੇਮ ਜਿਹੜਾ,
ਕਰੀਂ ਤੋਹਫ਼ਾ ਇਹ ਤੁਛ ਮਨਜ਼ੂਰ ਵੀਰਾ।

ਮੋਤੀ ਸਿਖਿਆ ਵਾਲੇ ਪ੍ਰੋ ਕੇ ਤੇ,
ਸੁਹਣਾ ਗੁੰਦਿਆ ਨਵਾਂ ਨਕੋਰ ਸੇਹਰਾ।
ਇਹ ਤਾਂ ਚਮਕਦਾ ਵੱਧ ਹੈ 'ਤਾਰਿਆਂ' ਤੋਂ,
ਮਿਰਾ, ਪਿਆਰਾ ਤੇ ਸੋਹਣਾ 'ਮਨੋਹਰ' ਸੇਹਰਾ।

੧੨੮.