ਪੰਨਾ:ਆਕਾਸ਼ ਉਡਾਰੀ.pdf/118

ਇਹ ਸਫ਼ਾ ਪ੍ਰਮਾਣਿਤ ਹੈ

ਮਨੋਹਰ ਸੇਹਰਾ

ਸਰਦਾਰ ਮਨੋਹਰ ਸਿੰਘ ਜੀ ਕੋਹਲੀ ਨੂੰ ਗੁਜਰਖ਼ਾਨ ਵਿਖੇ
ਕਤਕ ਪੂਰਨਮਾਸ਼ੀ, ੨ ਮਘਰ ੧੯੮੫

ਆਹਾ, ਸੋਹਣਾ ਸੁਭਾਗ ਏਹ ਦਿਨ ਚੜ੍ਹਿਆ,
ਖ਼ੁਸ਼ੀ ਨਾਲ ਏ ਬਾਗ਼ ਪਰਵਾਰ ਖਿੜਿਆ।
ਕਿਧਰੇ ਨਾਉਂ ਉਦਾਸੀ ਦਾ ਦਿਸਦਾ ਨਹੀਂ,
ਸਮਾਂ ਆਪਣਾ ਜੋਬਨ ਨਿਖਾਰ ਖਿੜਿਆ।
ਸਾਰੇ ਦਿਲਾਂ ਵਿਚ ਪਤਾ ਨਹੀਂ ਗਲ ਕੀ ਏ,
ਕੋਈ ਨਵਾਂ ਹੀ ਪ੍ਰੇਮ ਪਿਆਰ ਖਿੜਿਆ।
ਗੁਰੂ ਨਾਨਕ ਪਿਆਰੇ ਦੇ ਪੁਰਬ ਕਰ ਕੇ,
ਬੱਚਾ ਬੱਚਾ ਹੈ ਵਿਚ ਸੰਸਾਰ ਖਿੜਿਆ।

ਅਜ ਸਗਣ ਪਿਆਰੇ ਨੂੰ ਵੇਖ ਲਗਦਾ,
ਲਿਆ ਫੁੱਲਾਂ ਦਾ ਮੈਂ ਭੀ ਬਣਾ ਸੇਹਰਾ।
ਗੁਰੂ ਚਰਨਾਂ ਦੇ ਨਾਲ ਛੁਹਾ ਕੇ ਤੇ,
ਦਿਤਾ ਵੀਰ ਦੇ ਸਿਰ ਸੱਜਾ ਸੇਹਰਾ।

ਸੇਹਰਾ ਨਹੀਂ ਉਤਾਰਨਾ ਵੀਰ ਜੀਓ,
ਏਸ ਸੇਹਰੇ ਨੂੰ ਬੜਾ ਸੰਭਾਲ ਰਖੀਂ।
ਜੇਕਰ ਨਾਨਕ ਪਿਆਰੇ ਦਾ ਸਿਖ ਹੈਂ ਵੇ,
ਪ੍ਰੀਤ ਸਤਿਗੁਰ ਦੇ ਚਰਨਾਂ ਦੇ ਨਾਲ ਰਖੀਂ।

੧੨੬.