ਪੰਨਾ:ਆਕਾਸ਼ ਉਡਾਰੀ.pdf/116

ਇਹ ਸਫ਼ਾ ਪ੍ਰਮਾਣਿਤ ਹੈ

ਉਚਾ ਤੇ ਨਿਵਾਣਾਂ ਵਾਲੀ, ਮੰਜ਼ਲ ਗ੍ਰਹਿਸਤ ਵਾਲੀ,
ਕੱਟਣੀ ਮੁਹਾਲ ਇਨ੍ਹਾਂ ਮੋਟਰਾਂ ਤੇ ਕਾਰਾਂ ਨਾਲ।
ਝੁਕ ਝੁਕ ਚਲਣਾ ਤੇ ਰੁਕ ਰੁਕ ਬੋਲਣਾ ਹੀ,
ਠੋਕਰ ਨਾ ਲੱਗੇ ਮਤਾਂ ਵਿਸ਼ਿਆਂ ਵਿਕਾਰਾਂ ਨਾਲ।
ਗੰਢ ਖੀਸਾ ਗੁਣਾਂ ਵਾਲਾ ਰੱਖੀਂ ਤੂੰ ਸੰਭਾਲ ਕੇ ਤੇ,
ਘਿਰਿਆ ਈ ਰਾਹ ਤੇਰਾ ਚੋਰਾਂ ਤੇ ਚਕਾਰਾਂ ਨਾਲ।
ਕਾਮ ਤੇ ਕ੍ਰੋਧ ਪੰਧ ਲੁਕ ਲੁਕ ਵੇਖਦੇ ਨੀ,
ਲੋਭ ਅਤੇ ਮੋਹ ਕਿਤੇ ਬੈਠੇ ਹੰਕਾਰਾਂ ਨਾਲ।

ਅੱਖਾਂ ਖੋਲ੍ਹ ਚੰਗੀ ਤਰ੍ਹਾਂ ਚਾਰੇ ਬੰਨੇ ਵੇਖਣਾ ਹੀ,
ਬੈਠ ਨਾ ਤੂੰ ਜਾਈਂ ਕਿਤੇ ਥੱਕੇ ਹੋਏ ਯਾਰਾਂ ਨਾਲ।
ਡੱਟ ਕੇ ਤੇ ਟਾਕਰਾ ਦ੍ਰਿੜਤਾ ਦੇ ਨਾਲ ਕਰੀਂ,
ਧਰਮ ਸਚਾਈ ਦਿਆਂ ਤੀਰਾਂ ਤਲਵਾਰਾਂ ਨਾਲ।
ਜਿਤੇਂਗਾ ਜੇ ਇਨ੍ਹਾਂ ਨੂੰ ਤੂੰ, ਸਾਰਾ ਸੰਸਾਰ ਵੀਰਾ,
ਨਿੰਵ ਨਿੰਵ ਪੈਰੀਂ ਤੇਰੀਂ ਪੈਸੀ ਸਤਿਕਾਰਾਂ ਨਾਲ।
ਮੰਗੀ ਤੇਰੇ ਨਾਲ ਅਜ ਜੋੜਿਆ ਏ ਰੱਬ ਜੇਹੜਾ,
ਲੋਹੇ ਨਾਲੋਂ ਪਕੀਆਂ ਪ੍ਰੇਮ ਦੀਆਂ ਤਾਰਾਂ ਨਾਲ।

ਅਧਾ ਅੰਗ ਆਪਣਾ ਤੂੰ ਜਾਣੀਂ ਇਹਨੂੰ ਵੀਰ ਪਿਆਰੇ,
ਇਕੋ ਜੋਤ ਹੋਵਣਾ ਪ੍ਰੇਮ ਝਲਕਾਰਾਂ ਨਾਲ।
ਰਾਜਾ ਬਣ ਆਪ 'ਬਲਵੰਤ' ਨੂੰ ਵਜ਼ੀਰ ਜਾਣ,
ਮਿਲ ਜੁਲ ਰਾਜ ਕਰੋ ਨੇਕੀ ਦੀਆਂ ਕਾਰਾਂ ਨਾਲ।
ਉਂਚ ਬੁਧ ਨਾਲ ਰਾਮ ਕਰ ਲੈਣਾ ਦਿਲਾਂ ਤਾਈਂ,
ਦਿਲ ਨਾ ਦੁਖਾਣਾ ਕੋਈ ਬੋਲੀਆਂ ਦੀ ਮਾਰਾਂ ਨਾਲ।

੧੨੪.