ਪੰਨਾ:ਆਕਾਸ਼ ਉਡਾਰੀ.pdf/113

ਇਹ ਸਫ਼ਾ ਪ੍ਰਮਾਣਿਤ ਹੈ

'ਤੇਜ ਏਸ ਦਾ ਇੰਦਰ' ਸਮਾਨ ਹੋਵੇ,
ਚਮਕੇ ਜਿਸ ਤਰ੍ਹਾਂ ਚਮਕਦਾ ਭਾਨ ਹੋਵੇ।
ਧਰਮੀ 'ਬਿਕਰਮਾਜੀਤ' ਦੇ ਵਾਂਗ ਹੋਵੇ,
‘ਹਰੀ ਚੰਦ’ ਵਾਂਗੂੰ ਕਰਦਾ ਦਾਨ ਹੋਵੇ।
ਰੁਤਬਾ ਏਸ ਦਾ ਵਧੇ ਸੰਸਾਰ ਅੰਦਰ,
ਦਰਦੀ ਦੁਖੀਆਂ ਦਾ ਮਿਹਰਬਾਨ ਹੋਵੇ।

ਸੂਰਾ ਸ਼ੇਰਿ-ਪੰਜਾਬ ‘ਰਣਜੀਤ’ ਵਰਗਾ,
ਉੱਚੀ ਜੱਗ ਵਿਚ ਰੱਖਦਾ ਸ਼ਾਨ ਹੋਵੇ।
ਚਲ ਕੇ ਪਿਤਾ ਪਿਤਾਮਾਂ ਦੇ ਕਦਮ ਉੱਤੇ,
ਕਦਮ ਕਦਮ ਤੇ ਪਾਂਵਦਾ ਮਾਨ ਹੋਵੇ।
ਹੋਵੇ ਨਾਨਕ ਪਿਆਰੇ ਦਾ ਸਿਖ ਸਚਾ,
ਸਿਖੀ ਏਸ ਦਾ ਧਰਮ ਈਮਾਨ ਹੋਵੇ।
ਦਰਦੀ ਧਰਮੀਆਂ ਦਾ, ਸੰਗੀ ਸਚਿਆਂ ਦਾ,
ਦੀਨਾਂ ਦੁਖੀਆਂ ਦਾ ਨਿਗਾਹਬਾਨ ਹੋਵੇ।

ਰਸੀਆ ਨਾਮ ਦਾ, ਰੱਬ ਦਾ ਭਗਤ ਹੋਵੇ,
ਹੋਵੇ ਸੂਰਮਾ ਬਾਹੂੂ ਬਲਵਾਨ ਹੋਵੇ।
ਸੇਵਕ ਪੰਥ ਦਾ, ਦੇਸ਼ ਦਾ ਹੋਏ ਦਰਦੀ,
ਧਰਮੀ ਗੁਣੀ ਤੇ ਉੱਚ ਵਿਦਵਾਨ ਹੋਵੇ।
ਆਪ ਸਾਰਿਆਂ ਗੁਣਾਂ ਦਾ ਹੋਏ ਪੂਰਾ,
ਗੁਣਾਂ ਵਾਲਿਆਂ ਦਾ ਕਦਰਦਾਨ ਹੋਵੇ।
ਲਖਾਂ ਵਰ੍ਹੇ ਇਹ ਜੀਊਂਦਾ ਰਵ੍ਹੇ, ਸਤਿਗੁਰ,
ਰਾਜ ਮਾਣਦਾ ਵਿਚ ਜਹਾਨ ਹੋਵੇ।

੧੨੧.