ਪੰਨਾ:ਆਂਢ ਗਵਾਂਢੋਂ.pdf/80

ਇਹ ਸਫ਼ਾ ਪ੍ਰਮਾਣਿਤ ਹੈ

ਕਲਕਤੇ ਦੇ ਉਘੇ ਵਪਾਰੀ ਚੰਦਨ ਲਾਲ ਸ਼ੋਭਾ ਰਾਮ ਦੀ ਫਰਮ ਤੇ ਸ਼ਿਆਮ ਲਾਲ ਮੁਨੀਮੀ ਦਾ ਕੰਮ ਕਰਦਾ ਸੀ। ਉਹਦਾ ਬਹੁਤਾ ਕੰਮ ਵਪਾਰੀਆਂ ਤੋਂ ਰੁਪਏ ਵਸੂਲ ਕਰਕੇ ਲਿਆਉਣਾ ਹੀ ਸੀ। ਉਹ ਇਕ ਨਮੂਨੇ ਦਾ ਨੌਕਰ ਸੀ। ਅਠਾਰਾਂ ਸਾਲਾਂ ਤੋਂ ਏਸੇ ਫਰਮ ਵਿਚ ਨੌਕਰ ਸੀ; ਪਰ ਕਦੀ ਹਿਸਾਬ ਵਿਚ ਇਕ ਦਮੜੀ ਦਾ ਫਰਕ ਨਹੀਂ ਸੀ ਪਿਆ।

ਉਹਦਾ ਕੋਈ ਨਹੀਂ ਸੀ। ਉਹ ਇਸ ਦੁਨੀਆ ਵਿੱਚ ਇਕੱਲਾ ਸੀ। ਵਿਆਹ ਕੀਤਾ ਸੀ ਪਰ ਵਹੁਟੀ ਬਹੁਤਾ ਚਿਰ ਜੀਉਂਦੀ ਨਾ ਰਹੀ। ਇਕੱਲਾ ਰਹਿੰਦਾ ਸੀ। ਲੋਕਾਂ ਨਾਲ ਵੀ ਬਹੁਤ ਘਟ ਮੇਲ ਜੋਲ ਰਖਦਾ। ਉਹ ਸਖੀ ਸੀ ਜਾਂ ਇਉਂ ਕਹਿ ਲਉ ਆਪਣੀ ਹਾਲਤ ਤੇ ਸੰਤੁਸ਼ਟ ਸੀ। ਜੇ ਕੋਈ ਉਸ ਨੂੰ ਸੁਣਾ ਕੇ ਕਹਿੰਦਾ, 'ਕੀ ਇਤਨਾ ਰੁਪਿਆ ਹਥ ਵਿਚ ਹੁੰਦਿਆਂ ਵੀ ਲਾਲਚ ਨਹੀਂ ਆਉਂਦਾ!' ਤਾਂ ਉਹ ਉੱਤਰ ਦਿੰਦਾ, 'ਜੋ ਰੁਪਿਆ ਤੁਹਾਡਾ ਨਹੀਂ ਉਹ ਰੁਪਿਆ ਹੀ ਨਹੀਂ!'

ਉਹ ਬਾਂਸਤਲਾ ਗਲੀ ਵਿਚ ਇਕ ਮਕਾਨ ਦੀ ਤੀਜੀ ਛਤੇ ਦੋ ਛੋਟੇ ਕਮਰੇ ਲੈਕੇ ਰਹਿੰਦਾ ਸੀ। ਉਸ ਮਕਾਨ ਦੇ ਅਤੇ ਹੋਰ ਮਹੱਲੇ ਦੇ ਲੋਕ ਉਸ ਨੂੰ ਇਕ ਆਦਰਸ਼ਕ ਤੇ ਈਮਾਨਦਾਰ ਆਦਮੀ ਸਮਝਦੇ ਸਨ ਅਤੇ ਆਪਣੀ ਹਰ ਔਕੜ ਵਿਚ ਉਸ ਤੋਂ ਸਲਾਹ ਲੈਂਦੇ ਸਨ।

-੭੦-