ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/62

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੇਸ਼ਟਾ ਨੂੰ ਪਹਿਲੇ ਸਾਲ ਛੋਟਾ ਬਣਾਉਂਦੇ ਹਨ; ਪਾਲ ਤੋਂ ਵੀ ਬਹੁਤ ਨੀਵਾਂ। ਨਵੀਂ ਪਾਲ ਪਾਣੀ ਪੀਵੇਗੀ, ਕੁੱਝ ਧਸੇਗੀ ਤਾਹੀਓਂ ਤਾਲਾਬ ਵਿੱਚ ਜ਼ਿਆਦਾ ਪਾਣੀ ਰੋਕਣ ਦਾ ਲਾਲਚ ਨਹੀਂ ਕਰਦੇ। ਜਦੋਂ ਇੱਕ ਬਰਸਾਤ ਨਾਲ ਤਾਲਾਬ ਪੱਕਾ ਹੋ ਜਾਂਦਾ ਹੈ ਤਾਂ ਅਗਲੇ ਸਾਲ ਨਿਕਾਸੀ ਨੂੰ ਥੋੜ੍ਹਾ ਹੋਰ ਉੱਪਰ ਚੁੱਕਦੇ ਹਨ। ਇਸ ਸੂਰਤ ਵਿੱਚ ਤਾਲਾਬ ਜ਼ਿਆਦਾ ਪਾਣੀ ਰੋਕ ਸਕਦਾ ਹੈ।

(ਨੇਸ਼ਟਾ) ਨਿਕਾਸੀ ਮਿੱਟੀ ਦੀ ਕੱਚੀ ਵੱਟ ਦਾ ਘੱਟ ਉੱਚਾ ਹਿੱਸਾ ਹੁੰਦੀ ਹੈ, ਪਰ ਇਹ ਪਾਣੀ ਦਾ ਮੁੱਖ ਜ਼ੋਰ ਝੱਲਦੀ ਹੈ, ਇਸ ਲਈ ਇਸ ਨੂੰ ਪੱਕਾ ਮਤਲਬ ਪੱਥਰ ਚੂਨੇ ਦਾ ਬਣਾਇਆ ਜਾਂਦਾ ਹੈ। ਨੇਸ਼ਟਾ ਦੇ ਆਲੇ-ਦੁਆਲੇ ਦਾ ਹਿੱਸਾ ਅਰਧ-ਗੋਲੇ ਦੀ ਗੋਲਾਈ ਦੇ ਰੂਪ ਵਿੱਚ ਬਣਾਇਆ ਜਾਂਦਾ ਹੈ ਤਾਂ ਜੋ ਪਾਣੀ ਦਾ ਵੇਗ ਉਸ ਨਾਲ ਟਕਰਾ ਕੇ ਟੁੱਟ ਸਕੇ। ਇਸ ਗੋਲਾਈ ਵਾਲੇ ਅੰਗ ਦਾ ਨਾਂ ਨਾਕਾ ਹੈ। ਜੇ ਇਹ ਅੰਗ ਤਾਲਾਬ ਦੀ ਥਾਂ ਬੰਨ੍ਹ 'ਤੇ ਬਣੇ, ਭਾਵ ਛੋਟੇ ਨਦੀ-ਨਾਲੇ ਦੇ ਪ੍ਰਵਾਹ ਨੂੰ ਰੋਕਣ ਲਈ ਬਣਾਏ ਗਏ ਛੋਟੇ ਬੰਨ੍ਹ ਉੱਤੇ ਬਣੇ ਤਾਂ ਉਸ ਨੂੰ ਓੜ ਕਹਿੰਦੇ ਹਨ। ਪੱਖੇ ਵਰਗੇ ਆਕਾਰ ਕਾਰਨ ਇਸ ਨੂੰ ਪੱਖਾ ਵੀ ਆਖਦੇ ਹਨ।

ਨੇਸ਼ਟਾ ਉਂਝ ਤਾਂ ਤਾਲਾਬ ਦਾ ਤਕਨੀਕੀ ਹਿੱਸਾ ਹੁੰਦਾ ਸੀ, ਪਰੰਤੂ ਕਿਤੇ-ਕਿਤੇ ਇਸ ਨੂੰ ਇਸ ਢੰਗ ਨਾਲ ਬਣਾਇਆ ਜਾਂਦਾ ਸੀ ਕਿ ਤਕਨੀਕੀ ਹਿੱਸਾ ਹੋਣ ਦੇ ਬਾਵਜੂਦ ਉਹ ਕਲਾ-ਪੱਖ ਨੂੰ ਵੀ ਛੋਹ ਲੈਂਦਾ ਸੀ। ਜਿਹੜੇ ਕਲਾ ਦੇ ਨਿਪੁੰਨ ਹੱਥਾਂ ਦਾ ਪਹਿਲਾਂ ਹੀ ਜ਼ਿਕਰ ਕੀਤਾ ਜਾ ਚੁੱਕਾ ਹੈ, ਉਨ੍ਹਾਂ ਤੋਂ ਇਹ ਕੰਮ ਸਹਿਜ ਹੀ ਹੋ ਜਾਂਦਾ ਸੀ। ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਵਿੱਚ ਇੱਕ ਛੋਟਾ ਜਿਹਾ ਸ਼ਹਿਰ ਹੈ ਫ਼ਲੌਦੀ, ਉੱਥੇ ਸ਼ਿਵ ਸਾਗਰ ਨਾਂ ਦਾ ਇੱਕ ਤਾਲਾਬ ਹੈ। ਇਸ ਦਾ ਘਾਟ ਲਾਲ ਪੱਥਰ ਨਾਲ ਬਣਾਇਆ ਗਿਆ ਹੈ। ਘਾਟ ਸਿੱਧੀ ਰੇਖਾ ਵਿੱਚ ਚੱਲਦਾ-ਚੱਲਦਾ ਸੱਪ-ਵਲੇਵੇਂ ਦਾ ਸੁੰਦਰ ਰੂਪ ਲੈ ਲੈਂਦਾ ਹੈ। ਇਹ ਅਰਧ ਗੋਲੇ ਵਾਲੀ ਗੋਲਾਈ ਤਾਲਾਬ ਤੋਂ ਬਾਹਰ ਨਿੱਕਲਣ ਵਾਲੇ ਪਾਣੀ ਦਾ ਵਹਾਅ ਘਟਾਉਂਦੀ ਹੈ। ਜੁਮੈਟਰੀ ਦੀ ਇਹ ਸੁੰਦਰ ਖੇਡ ਬਿਨਾਂ ਕਿਸੇ ਤਕਨੀਕੀ ਬੋਝ ਤੋਂ, ਸੱਚਮੁੱਚ ਖੇਡ-ਖੇਡ ਵਿੱਚ ਵੱਧ ਪਾਣੀ ਨੂੰ ਬਾਹਰ ਕੱਢ ਕੇ ਸ਼ਿਵ ਸਾਗਰ ਦੀ ਰਾਖੀ ਬੜੇ ਹੀ ਕਲਾਤਮਕ ਢੰਗ ਨਾਲ ਕਰਦੀ ਹੈ।

ਮੁੜ ਆਗੌਰ ਵੱਲ ਚੱਲੀਏ! ਇੱਥੋਂ ਹੀ ਪਾਣੀ ਆਉਂਦਾ ਹੈ ਆਗਰ ਵਿੱਚ। ਸਿਰਫ ਪਾਣੀ ਲਿਆਉਣਾ ਹੈ ਅਤੇ ਮਿੱਟੀ ਤੇ ਰੇਤ ਨੂੰ ਰੋਕਣਾ ਹੈ। ਇਸ ਲਈ ਆਗੌਰ ਵਿੱਚ ਪਾਣੀ ਛੋਟੀਆਂ-ਛੋਟੀਆਂ ਧਾਰਾਵਾਂ ਨੂੰ ਮੋੜ ਕੇ ਕੁੱਝ ਖ਼ਾਸ ਰਸਤਿਆਂ ਰਾਹੀਂ ਆਗਰ ਵੱਲ ਲਿਆਇਆ ਜਾਂਦਾ ਹੈ ਅਤੇ ਤਾਲਾਬ ਵਿੱਚ ਪੁੱਜਣ ਤੋਂ ਪਹਿਲਾਂ ਇਨ੍ਹਾਂ ਧਾਰਾਵਾਂ ਉੱਤੇ ਖੁਰਾ (ਰੋਕ) ਲਾਇਆ ਜਾਂਦਾ ਹੈ। ਸ਼ਾਇਦ ਇਹ ਸ਼ਬਦ ਪਸ਼ੂ ਦੇ ਖੁਰ ਤੋਂ ਬਣਿਆ ਹੈ। ਇਸਦਾ ਆਕਾਰ ਖੁਰ ਜਿਹਾ ਹੁੰਦਾ ਹੈ। ਵੱਡੇ-ਵੱਡੇ ਪੱਥਰ ਕੁੱਝ ਇਸ ਤਰ੍ਹਾਂ ਜੋੜੇ ਜਾਂਦੇ ਹਨ ਕਿ ਉਨ੍ਹਾਂ ਵਿੱਚੋਂ ਸਿਰਫ਼ ਪਾਣੀ ਹੀ ਲੰਘ ਸਕੇ, ਮਿੱਟੀ ਅਤੇ ਰੇਤ ਆਦਿ ਪਿੱਛੇ ਹੀ ਜੰਮ ਜਾਵੇ।

58
ਅੱਜ ਵੀ ਖਰੇ ਹਨ
ਤਾਲਾਬ