ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/41

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਗਊਆਂ ਦੇ ਚਰਨ ਵਾਲੀ ਥਾਂ ਹੈ, ਇਹ ਜਗ੍ਹਾ ਢਲਾਨ ਵਾਲੀ ਹੈ, ਨੀਵਾਂ ਖੇਤਰ ਹੈ, ਜਿੱਥੋਂ ਪਾਣੀ ਆਵੇਗਾ, ਜ਼ਮੀਨ ਨਿਵਾਣ ਵਾਲੀ ਹੈ। ਉੱਧਰ ਲੋਕੀ ਪਖ਼ਾਨੇ ਵਾਸਤੇ ਤਾਂ ਨਹੀਂ ਜਾਂਦੇ, ਮਰੇ ਹੋਏ ਜਾਨਵਰਾਂ ਦੀ ਖੱਲ ਵਗੈਰਾ ਤਾਂ ਨਹੀਂ ਉਤਾਰੀ ਜਾਂਦੀ ਇੱਧਰ।

ਅਭਿਆਸ ਨਾਲ ਹੀ ਅਭਿਆਸ ਵਧਦਾ ਹੈ, ਤਜਰਬੇਕਾਰ ਅੱਖਾਂ ਗੱਲੀਂ-ਬਾਤੀਂ ਸੁਣੀ-ਲੱਭੀ ਗਈ ਥਾਂ ਨੂੰ ਇੱਕ ਵਾਰ ਦੇਖ ਵੀ ਲੈਂਦੀਆਂ ਹਨ। ਇੱਥੇ ਪੁੱਜ ਕੇ ਇਹ ਸੋਚ ਲਿਆ ਜਾਂਦਾ ਹੈ ਕਿ ਪਾਣੀ ਕਿੱਥੋਂ ਆਵੇਗਾ ਅਤੇ ਉਸਦੀ ਸਾਫ਼-ਸਫ਼ਾਈ, ਸੁਰੱਖਿਆ ਨੂੰ ਪੱਕਾ ਕਰ ਲਿਆ ਜਾਂਦਾ ਹੈ। ਜਿੱਥੋਂ ਪਾਣੀ ਆਏਗਾ, ਉਸਦਾ ਸੁਭਾਅ ਪਰਖ ਲਿਆ ਜਾਂਦਾ ਹੈ। ਵੱਟ ਕਿੰਨੀ ਉੱਚੀ ਹੋਵੇਗੀ, ਕਿੰਨੀ ਚੌੜੀ ਹੋਵੇਗੀ, ਕਿੱਥੋਂ ਸ਼ੁਰੂ ਕਰ ਕੇ ਕਿੱਥੋਂ ਤੱਕ ਬੰਨ੍ਹੀ ਜਾਵੇਗੀ ਅਤੇ ਤਾਲਾਬ ਵਿੱਚ ਪਾਣੀ ਪੂਰਾ ਭਰਨ ਤੋਂ ਬਾਅਦ ਉਸਨੂੰ ਸੰਭਾਲਣ ਲਈ ਕਿੱਥੋਂ ਤੱਕ ਬੰਨ੍ਹ ਮਾਰਿਆ ਜਾਵੇਗਾ। ਇਸਦਾ ਅੰਦਾਜ਼ਾ ਵੀ ਲਾ ਲਿਆ ਜਾਂਦਾ ਹੈ।

ਸਾਰੇ ਲੋਕ ਇਕੱਠੇ ਹੋ ਗਏ ਹਨ, ਹੁਣ ਦੇਰ ਕਿਸ ਗੱਲ ਦੀ ਹੈ, ਚਮਕਦੀ ਥਾਲੀ ਸਜੀ ਹੋਈ ਹੈ। ਸੂਰਜ ਦੀਆਂ ਕਿਰਨਾਂ ਉਸਨੂੰ ਹੋਰ ਚਮਕਾ ਰਹੀਆਂ ਹਨ। ਪਾਣੀ ਦੀ ਭਰੀ ਗੜਵੀ, ਰੋਲਾ, ਖੰਮਣ੍ਹੀ, ਹਲਦੀ, ਸੁਪਾਰੀ ਤਿਆਰ ਹਨ। ਲਾਲ ਮਿੱਟੀ ਦਾ ਇੱਕ ਪਵਿੱਤਰ ਡਲਾ। ਧਰਤੀ ਅਤੇ ਪਾਣੀ ਦੀ ਉਸਤਤੀ ਦੇ ਸ਼ਲੋਕ ਹੌਲੀ-ਹੌਲੀ ਲਹਿਰਾਂ ’ਚ ਗੂੰਜਣ ਲੱਗ ਪੈਂਦੇ ਹਨ।

ਜਿੱਥੇ ਸਦੀਆਂ ਤੱਕ ਹਜ਼ਾਰਾਂ ਤਾਲਾਬ ਬਣਦੇ ਰਹੇ, ਉੱਥੇ ਤਾਲਾਬ
ਬਣਾਉਣ ਦਾ ਪੂਰਾ ਵੇਰਵਾ ਨਾ ਮਿਲਣਾ ਆਪਣੇ-ਆਪ ਵਿੱਚ
ਅਜੀਬ ਲਗਦਾ ਹੈ, ਪਰ ਇਹ ਗੱਲ ਬਹੁਤੀ ਅਜੀਬ ਵੀ ਨਹੀਂ
‘ਤਾਲਾਬ ਕਿਵੇਂ ਬਣਾਈਏ ਦੀ ਥਾਂ ਚਾਰੇ ਪਾਸੇ 'ਤਾਲਾਬ ਇੰਝ
ਬਣਾਈਏ' ਦਾ ਰਿਵਾਜ ਸੀ।

ਵਰੁਣ ਦੇਵਤਾ ਨੂੰ ਯਾਦ ਕੀਤਾ ਜਾ ਰਿਹਾ ਹੈ। ਤਾਲਾਬ ਕਿਤੇ ਵੀ ਪੁੱਟਿਆ ਜਾ ਰਿਹਾ ਹੋਵੇ, ਦੇਸ਼ ਦੇ ਇਸ ਕੋਣੇ ਤੋਂ ਉਸ ਕੋਣੇ ਦੀਆਂ ਸਭ ਨਦੀਆਂ ਨੂੰ ਪੁਕਾਰਿਆ ਜਾ ਰਿਹਾ ਹੈ। ਸ਼ਲੋਕਾਂ ਦੀਆਂ ਲਹਿਰਾਂ ਰੁਕਦੀਆਂ ਹਨ, ਮਿੱਟੀ ਵਿੱਚ ਕਹੀਆਂ ਦੇ ਟਕਰਾਉਣ ਨਾਲ, ਪੰਜ ਜਣੇ, ਪੰਜ ਪਰਾਤਾਂ ਮਿੱਟੀ ਪੁੱਟਦੇ ਹਨ। ਦਸ ਜਣੇ ਪਰਾਤਾਂ ਚੁੱਕ ਕੇ ਵੱਟ ਉੱਤੇ ਸੁੱਟਦੇ ਹਨ, ਇੱਥੇ ਬੰਨ੍ਹੀ ਜਾਏਗੀ ਵੱਟ। ਗੁੜ ਵੰਡਿਆ ਜਾਂਦਾ ਹੈ, ਮਹੂਰਤ ਸਿੱਧ ਕਰ ਲਿਆ ਗਿਆ ਹੈ। ਅੱਖਾਂ ਵਿੱਚ ਵਸੇ ਤਾਲਾਬ ਦਾ ਪੂਰਾ ਚਿੱਤਰ ਫਹੁੜੇ ਨਾਲ ਨਿਸ਼ਾਨ ਲਾ ਕੇ ਜ਼ਮੀਨ ਉੱਤੇ ਉਤਾਰ ਲਿਆ ਗਿਆ ਹੈ। ਕਿੱਥੋਂ ਮਿੱਟੀ ਨਿੱਕਲੇਗੀ, ਕਿੱਥੇ-ਕਿੱਥੇ ਸੁੱਟੀ ਜਾਵੇਗੀ, ਵੱਟ ਤੋਂ ਕਿੰਨੀ ਦੂਰੀ ਤੱਕ ਪੁਟਾਈ ਹੋਵੇਗੀ।

37
ਅੱਜ ਵੀ ਖਰੇ ਹਨ
ਤਾਲਾਬ