ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/116

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਇਆ ਅਤੇ ਵਿਸ਼ਾਲ ਤਾਲਾਬ ਬਣਾ ਕੇ ਚਲਾ ਗਿਆ। ਪਰ ਨਵੇਂ ਸਮਾਜ ਦੀਆਂ ਇਹ ਕਰੋੜਪਤੀ ਸੰਸਥਾਵਾਂ ਇਸ ਤਾਲਾਬ ਦੀ ਸਾਂਭ-ਸੰਭਾਲ ਵੀ ਨਹੀਂ ਕਰ ਸਕੀਆਂ। ਅੱਜ ਸਾਗਰ ਤਾਲਾਬ ਉੱਤੇ 11 ਥੀਸਿਸ ਲਿਖੇ ਜਾ ਚੁੱਕੇ ਹਨ, ਡਿਗਰੀਆਂ ਵੰਡੀਆਂ ਜਾ ਚੁੱਕੀਆਂ ਹਨ, ਪਰ ਇੱਕ ਅਨਪੜ੍ਹ ਮੰਨੇ ਗਏ ਵਣਜਾਰੇ ਦੇ ਹੱਥੋਂ ਬਣੇ ਸਾਗਰ ਤਾਲਾਬ ਨੂੰ ਪੜ੍ਹਿਆ-ਲਿਖਿਆ ਸਮਾਜ ਵੀ ਨਹੀਂ ਬਚਾ ਸਕਿਆ।

ਬੇਕਦਰੀ ਦੀ ਹਨੇਰੀ ਵਿੱਚ ਕੁੱਝ ਤਾਲਾਬ ਫੇਰ ਵੀ ਖੜ੍ਹੇ ਹਨ। ਦੇਸ਼ ਭਰ ਵਿੱਚ ਅੱਜ ਅੱਠ ਤੋਂ ਦਸ ਲੱਖ ਤਾਲਾਬ ਅੱਜ ਵੀ ਭਰੇ ਜਾ ਰਹੇ ਹਨ ਅਤੇ ਵਰੁਣ ਦੇਵਤਾ ਦਾ ਪ੍ਰਸ਼ਾਦ ਪਾਤਰਾਂ-ਕੁਪਾਤਰਾਂ ਵਿੱਚ ਵੰਡ ਰਹੇ ਹਨ। ਇਨ੍ਹਾਂ ਦੀ ਮਜ਼ਬੂਤ ਬਣਤਰ ਵੀ ਇਸਦਾ ਮੁੱਖ ਕਾਰਨ ਹੈ ਪਰ ਸਿਰਫ਼ ਇੱਕੋ ਕਾਰਨ ਨਹੀਂ ਕਿਉਂਕਿ ਮਜ਼ਬੂਤ ਪੱਥਰਾਂ ਨਾਲ ਬਣੇ ਕਿਲ੍ਹੇ ਖੰਡਰਾਂ ਵਿੱਚ ਨਹੀਂ ਬਦਲਦੇ। ਕਈ ਪਾਸਿਉਂ ਟੁੱਟ ਚੁੱਕੇ ਸਮਾਜ ਵਿੱਚ ਤਾਲਾਬਾਂ ਦੀਆਂ ਯਾਦਾਂ ਅੱਜ ਵੀ ਬਾਕੀ ਹਨ। ਯਾਦਾਂ ਦੀ ਮਜ਼ਬੂਤੀ ਪੱਥਰਾਂ ਦੀ ਮਜ਼ਬੂਤੀ ਤੋਂ ਕਿਤੇ ਜ਼ਿਆਦਾ ਮਜ਼ਬੂਤ ਹੈ।

ਛੱਤੀਸਗੜ੍ਹ ਦੇ ਪਿੰਡਾਂ ਵਿੱਚ ਅੱਜ ਵੀ ਡੇਰ-ਡੇਰਾ ਦੇ ਗੀਤ ਗਾਏ ਜਾਂਦੇ ਹਨ। ਅੱਜ ਵੀ ਬੁੰਦੇਲਖੰਡ ਵਿੱਚ ਕਜਲੀਆਂ ਦੇ ਗੀਤਾਂ ਵਿੱਚ ਉਨ੍ਹਾਂ ਦੇ ਅੱਠੋ ਅੰਗ ਡੁੱਬ ਸਕਣ, ਅਜਿਹੀ ਕਾਮਨਾ ਕੀਤੀ ਜਾਂਦੀ ਹੈ। ਹਰਿਆਣਾ ਦੇ ਨਾਰਨੌਲ ਵਿੱਚ ਜਾਤ ਉਤਾਰਨ ਸਮੇਂ ਮਾਂ-ਪਿਓ ਤਾਲਾਬ ਦੀ ਮਿੱਟੀ ਪੁੱਟਦੇ ਹਨ ਅਤੇ ਪਾਲ ਉੱਤੇ ਚੜ੍ਹਾਉਂਦੇ ਹਨ। ਪਤਾ ਨਹੀਂ ਕਿੰਨੇ ਸ਼ਹਿਰ, ਕਿੰਨੇ ਪਿੰਡ ਇਨ੍ਹਾਂ ਤਾਲਾਬਾਂ ਸਦਕਾ ਹੀ ਟਿਕੇ ਹੋਏ ਹਨ। ਬਹੁਤ ਸਾਰੀਆਂ ਨਗਰ ਪਾਲਿਕਾਵਾਂ ਅੱਜ ਵੀ ਇਨ੍ਹਾਂ ਤਾਲਾਬਾਂ ਦੇ ਸਿਰ ਉੱਤੇ ਪਲ ਰਹੀਆਂ ਹਨ। ਸਿੰਜਾਈ ਵਿਭਾਗ ਵੀ ਇਨ੍ਹਾਂ ਦੇ ਦਮ ਉੱਤੇ ਹੀ ਖੇਤੀ ਨੂੰ ਪਾਣੀ ਦੇ ਰਿਹਾ ਹੈ। ਅਲਵਰ ਜ਼ਿਲ੍ਹੇ ਦੇ ਬੀਜਾ ਕੀ ਡਾਹ ਵਰਗੇ ਪਿੰਡਾਂ ਵਿੱਚ ਅੱਜ ਵੀ ਸਾਗਰਾਂ ਦੇ ਉਹੀ ਨਾਇਕ ਨਵੇਂ ਤਾਲਾਬ ਪੁੱਟ ਰਹੇ ਹਨ ਅਤੇ ਪਹਿਲੀ ਬਰਸਾਤ ਵਿੱਚ ਉਨ੍ਹਾਂ ਉੱਤੇ ਰਾਤਾਂ ਨੂੰ ਪਹਿਰਾ ਦੇ ਰਹੇ ਹਨ। ਉਧਰ ਰੋਜ਼ ਸਵੇਰੇ-ਸ਼ਾਮ ਘੜਸੀਸਰ ਵਿੱਚ ਅੱਜ ਵੀ ਸੂਰਜ ਦਿਲ ਖੋਲ੍ਹ ਕੇ ਸੋਨਾ ਉਲੱਦ ਰਿਹਾ ਹੈ:

ਕੁੱਝ ਕੰਨਾਂ ਵਿੱਚ ਅੱਜ ਵੀ ਇਹੋ ਆਵਾਜ਼ ਗੂੰਜਦੀ ਹੈ
"ਚੰਗੇ-ਚੰਗੇ ਕੰਮ ਕਰਦੇ ਜਾਣਾ।"

112
ਅੱਜ ਵੀ ਖਰੇ ਹਨ
ਤਾਲਾਬ